ਹਵਾਵਾਂ ਦੀ ਬਗਲ਼ੀ 'ਚ,ਸਾਹਵਾਂ ਦੇ ਦਾਣੇ
ਇਹ ਧੜਕਦੇ ਸੀਨੇ, ਕਿਧਰੇ ਨਾ ਜਾਣੇ।
ਮਿੱਟੀ ਦਾ ਕੀ ਐ,ਚੁੱਕ ਲਈਂ ਵੇ ਡਗਰੋਂ ?
ਅੱਵਲ ਤੋਂ ਪਹਿਲਾਂ ਤੇ ਪਰਲੋ ਤੋਂ ਮਗਰੋਂ
ਪਰ ਸਾਬਤ ਰਹਿਣਗੇ, ਰੂਹਾਂ ਦੇ ਬਾਣੇ।
ਹਵਾਵਾਂ ਦੀ ਬਗਲ਼ੀ 'ਚ,ਸਾਹਵਾਂ ਦੇ ਦਾਣੇ।
ਇਹ ਇਸ਼ਕ ਅਵੱਲੜਾ,ਅਣੂਆਂ ਦੀ ਅੱਖ ਹੈ
ਫੁੱਲਾਂ ਤੇ ਬੈਠੇ,ਪਰਾਗਾਂ ਦਾ ਸੱਥ ਹੈ
ਅੰਬਰਾ ਤੋਂ ਵੱਡੇ ਨੇ,ਇਹਦੇ ਤਾਂ ਗਾਣੇ।
ਹਵਾਵਾਂ ਦੀ ਬਗਲ਼ੀ 'ਚ,ਸਾਹਵਾਂ ਦੇ ਦਾਣੇ।
ਜੋ ਕਲਗੀ ਦੀ ਛੱਬ ਹੈ,ਜਾ ਪੀਰਾਂ ਦਾ ਪੱਬ ਹੈ
ਸਾਡਾ ਤਾਂ ਬੀਬਾ ਉਹ,ਨਿੱਕਾ 'ਜਾ ਰੱਬ ਹੈ
ਸਮਿਆਂ ਦੇ ਥਲ 'ਚੋਂ ,ਜੋ ਪੈੜਾਂ ਪਛਾਣੇ।
ਹਵਾਵਾਂ ਦੀ ਬਗਲ਼ੀ 'ਚ,ਸਾਹਵਾਂ ਦੇ ਦਾਣੇ।
ਸੱਚ ਮਘਦਾ ਹੈ ਕੋਲਾ,ਚੱਬਣਾ ਵੇ ਔਖਾ
ਅੰਬਰ ਨੂੰ ਠੂਠੀ 'ਚ,ਦੱਬਣਾ ਵੇ ਔਖਾ
ਪਰ ਦਬਦੇ ਮੈਂ ਵੇਖੇ,ਫ਼ੱਕਰਾਂ ਦੇ ਲਾਣੇ ।