ਮਾਂ ਨੇ ਇਸ ਵਾਰ ਵੀ
ਜਦੋਂ ਆਖਿਆ
ਪੁੱਤ ਧਿਆਨ ਨਾਲ ਕਰੀਂ
ਪੈਕ ਅਪਣਾ ਬੈਗ
ਹਰ ਵਾਰ ਦੀ ਤਰ੍ਹਾਂ
ਏਸ ਵਾਰ ਵੀ ਨਾ
ਛੱਡ ਜਾਵੀਂ ਇਥੇ
ਕੁਝ ਨਾ ਕੁਝ
ਤੇ ਮੈਂ ਚੁੱਪ ਸਾਂ ਸੋਚ ਕੇ
ਕਿ ਕਿਵੇਂ ਦੱਸਾਂ
ਮੈਂ ਤਾਂ ਇੱਥੇ ਛੱਡ ਗਈ ਸਾਂ
ਜੀਊਂਦੇ ਜਾਗਦੇ ਸੁਪਨੇ
ਚਹਿਕਦੀਆਂ ਚਿੜੀਆਂ
ਉੱਡਦੀਆਂ ਤਿਤਲੀਆਂ
ਰੁੱਖਾਂ ਦੀ ਛਾਂ
ਵਣ ਨਾਲ ਝੂਲਦੀ ਪੀਂਘ
ਮਾਏ ਤੈਨੂੰ
ਬਾਪੂ ਤੈਨੂੰ
ਇਕ ਨਿਕੜੀ ਭੈਣ
ਛੋਟਾ ਵੀਰ ਤੇ
ਪਤਾ ਨਹੀਂ
ਹੋਰ ਕੀ ਕੀ
ਮਾਂ ਨੇ ਜਿਵੇਂ ਪੜ੍ਹ
ਲਈਆਂ ਹੋਣ
ਮੇਰੀਆਂ ਸੇਜਲ ਅੱਖਾਂ
ਤੇ ਵਗ ਤੁਰੀ ਸੀ
ਇਕ ਝਨਾਂ
ਉਸ ਦੀਆਂ ਅੱਖਾਂ 'ਚੋਂ