ਪਿੱਪਲ ਦਿਆ ਪੱਤਿਆ ਵੇ ਦੱਸ ਦੇਈਂ ਹਵਾਵਾਂ
ਨੂੰ ਪੁੱਤ ਰੋਹੀਏ ਰੁਲਦੇ ਨੇ ਨਹੀਂ ਲੱਭਣੇ ਮਾਵਾਂ ਨੂੰ
ਪਿੱਪਲ ਦਿਆ ਪੱਤਿਆ ਵੇ ਟੁੱਟੇ ਟਾਹਣ ਨਾ ਜੁੜਦੇ ਨੇ
ਰੁੱਸੇ ਤਾਂ ਮੁੜ ਆਵਣ ਮੋਏ ਕਦ ਮੁੜਦੇ ਨੇ
ਪਿੱਪਲ ਦਿਆ ਪੱਤਿਆ ਵੇ ਅਸੀਂ ਹੋ ਮਜ਼ਬੂਰ ਗਏ
ਧੀਆਂ ਨੂੰ ਕਹਿ ਦੇਈਂ ਬਾਬਲ ਬੜੀ ਦੂਰ ਗਏ
ਪਿੱਪਲ ਦਿਆ ਪੱਤਿਆ ਵੇ ਸਾਡੇ ਦਰਦ ਘਨੇਰੇ ਨੇ
ਜਿਸ ਰਾਹੇ ਤੁਰ ਪਏ ਹਾਂ ਉਹਦੇ ਪੰਧ ਲਮੇਰੇ ਨੇ
ਪਿੱਪਲ ਦਿਆ ਪੱਤਿਆ ਵੇ ਢਹਿ ਗਏ ਬਨੇਰੇ ਨੇ
ਕਬਰਾਂ ਵਿਚ ਦੀਵੇ ਨੇ ਘਰ ਘੋਰ ਹਨੇਰੇ ਨੇ
ਪਿੱਪਲ ਦਿਆ ਪੱਤਿਆ ਵੇ ਪੱਤਿਆ ਨੇ ਝੜ੍ਹ ਜਾਣੈ
ਰੂਹਾਂ ਤਾਂ ਰੋਸ਼ਨ ਨੇ ਪਿੰਡਿਆਂ ਨੇ ਸੜ ਜਾਣੈ
ਪਿੱਪਲ ਦਿਆ ਪੱਤਿਆ ਵੇ ਸਾਡੇ ਕਰਮੀਂ ਦਰਦ ਬੜਾ
ਵਤਨਾਂ ਦੀ ਮਿੱਟੀ ਦਾ ਸਾਡੇ ਸਿਰ ਕਰਜ਼ ਖੜ੍ਹਾ
ਪਿੱਪਲ ਦਿਆ ਪੱਤਿਆ ਵੇ ਸਾਡੀ ਭੁੱਲ ਚੁੱਕ ਮਾਫ ਕਰੀਂ
ਬੇਨਾਮ ਸ਼ਹੀਦਾਂ ਦਾ ਤੂੰ ਖੁਦ ਇਨਸਾਫ ਕਰੀਂ
ਪਿੱਪਲ ਦਿਆ ਪੱਤਿਆ ਵੇ ਇਹ ਯਾਦ ਕਰਾ ਦੇਵੀਂ
ਜੋ ਬੀਤੀ ਸਾਡੇ ਤੇ ਸਭਨਾਂ ਨੂੰ ਸੁਣਾ ਦੇਵੀਂ
ਪਿੱਪਲ ਦਿਆ ਪੱਤਿਆ ਵੇ ਸਾਨੂੰ ਵੀ ਭੁਲਾ ਦੇਵੀਂ
ਮੱਥੇ ਜੋ ਚਿਣਗ ਬਲੇ ਅੱਗੋਂ ਜੋਤ ਜਗਾ ਦੇਵੀਂ