“ਜੇ ਹੁੰਦਾ ਨਾ ਮੁਹੰਮਦ, ਮੈਂ ਬਣਾਉਂਦਾ ਨਾ ਅੰਬਰ”,ਲੌਲਾਕ ਨੇ ਆਖਿਆ ਸੀ, ਸੰਸਾਰ ਵਿੱਚੋਂ,
ਹੁੰਦੀਂ ਜੱਟੀ ਨਾ ਜੇ ਸਜਨੋਟੀ-ਜੁਲੈਖਾਂ ਵਰਗੀ,ਜੱਟ ਲੈਂਦਾ ਨਾ ਜਨਮ ਯੂਸਫ ਪਰਿਵਾਰ ਵਿੱਚੋਂ
ਮੱਸ-ਫੁੱਟਦੀ, ਫੁੱਟਦੀ ਪਹੁ-ਵਾਂਗ, ਸੂਹਾ ਸਵੇਰਾ ਵੇਖਦਾ, ਪੂਰਬ-ਪਖ਼ਾਰ ਵਿੱਚੋਂ
ਉਮਰ-ਨਿੱਕੀ, ਫਿਤਰਤ-ਫ਼ੈਰਾਖ਼ੀ, ਲੈਲੀ-ਘੋੜਾ ਜਿਉਂ ਕਾਬਲ ਕੰਧਾਰ ਵਿੱਚੋਂ
ਪੱਗ ਪਟਿਆਲਸ਼ੀ ਸਿਰ ਸੋਭਦੀ ਹੈ, ਕਲਗੀ-ਸਿਹਰਾ ਸ਼ੇਰੇ-ਪੰਜਾਬ ਦਰਬਾਰ ਵਿੱਚੋਂ
ਹੱਥ ਤੇਗ ਹੈ ਵਲੀ-ਵਲਿੰਗਟਨ ਵਾਲ਼ੀ, ਖੱਸ ਲਈ ਹੈ ਗੋਰੀ ਸਰਕਾਰ ਵਿੱਚੋਂ
ਹੱਥੀਂ ਮੁੰਦੀਆਂ ਅਜੀਜ ਦੇ ਪੁੱਤ ਜਿਹੀਆਂ, ਮਿਲਣ ਜੋ ਨਾ ਜ਼ੌਹਰ ਬਜ਼ਾਰ ਵਿੱਚੋਂ
ਹੁੰਮਾ ਲੰਘਿਆ ਤੱਯੂਰ ਸਿਰ ਉੱਤੋਂ, ਖਜ਼ਾਨਾ ਲੁੱਟਿਆ ਕੁਬੇਰ, ਘਰ-ਵਾਰ ਵਿੱਚੋਂ
ਗਲ਼ ਕੋਟ ਹਜ਼ਰਤ ਬਲਾਲ ਵਾਲ਼ਾ, ਬੂਟ ਯੂਰਪੀ ਮੁਲ਼ਕ ਬੁਲਗਾਰ ਵਿੱਚੋਂ
ਸਤਫ਼ਨੀ ਸਿਆਲਾਂ ਦੀ ਕੀਲ਼ਣੇ ਨੂੰ, ਜੋਗੜਾ ਆਇਆ ਤਖ਼ਤ ਹਜ਼ਾਰ ਵਿੱਚੋਂ
ਤੀਰ ਵੱਜਦੇ ਕਿਸੇ ਰਕੀਬੜੇ ਦੇ, ਬਲੌਰੀ ਛੱਬ ਸਦਕਾ ਲਾੜੇ ਦੇ ਸਿੰਗਾਰ ਵਿੱਚੋਂ
ਜਿਉਂ ਉਲਕਾ ਜਿਮੀਂ ਦੀ ਖਿੱਚ ਕਰਕੇ, ਪੱਥਰ ਮਾਰਦੇ ਚੰਨ ‘ਤੇ ਅੰਜ਼ਲਾਰ ਵਿੱਚੋਂ