ਪਿਆਰ ਦੇ ਵਿਚ ਆਪਣੀ ਤਕਦੀਰ

ਪਿਆਰ ਦੇ ਵਿਚ ਆਪਣੀ ਤਕਦੀਰ ਹੀ ਕਮਜ਼ੋਰ ਹੈ

ਯਾਰ ਦੇ ਹੱਥਾਂ ’ਚ ਹੁਣ ਤਸਵੀਰ ਕੋਈ ਹੋਰ ਹੈ

ਬੇਬਸੀ ਸਾਡੀ ਪਤੰਗਾਂ ਦੀ ਕੋਈ ਜਾਣਦਾ

ਫੜ ਕੇ ਸਾਨੂੰ ਗਲਮਿਓਂ ਰੱਖਦੀ ਹਮੇਸ਼ਾ ਡੋਰ ਹੈ

ਵੇਖਣੀ ਉਸਦੀ ਚੁਰਾ ਕੇ ਦਿਲ ਮੇਰੇ ਨੂੰ ਲੈ ਗਈ

ਰੰਗ ਦੇ ਗੋਰੇ ਦੀਆਂ ਨਜ਼ਰਾਂ ’ਚ ਕਾਲਾ ਚੋਰ ਹੈ

ਚੁੱਪ ਮੇਰੀ ਦੀ ਬੜੀ ਤਾਰੀਫ਼ ਉਹ ਕੀ ਕਰ ਗਿਆ

ਮੇਰੀਆਂ ਸੋਚਾਂ ਦੇ ਵਿਚ ਮਚਿਆ ਬੜਾ ਹੀ ਸ਼ੋਰ ਹੈ

ਆਸ ਹੈ ਇਸ ਵਾਰ ਸਾਵਣ ਖ਼ਾਸ ਹੋਵੇਗਾ ਬੜਾ

ਕੁਝ ਦਿਨਾਂ ਤੋਂ ਸੁਪਨਿਆਂ ਵਿਚ ਪੈਲ ਪਾਉਂਦਾ ਮੋਰ ਹੈ

ਘੁੰਗਰੂ ਹਰ ਸ਼ੇਅਰ ਦੇ ਵਿਚ ਛਣ ਛਣਾ ਛਣ ਛਣਕਦੇ

ਹਰ ਗ਼ਜ਼ਲ ਮੇਰੀ ’ਚ ਤੇਰੀ ਖ਼ੂਬਸੂਰਤ ਤੋਰ ਹੈ

ਕੋਲ ਮੇਰੇ ਨੇ ‘ਅਮਰ’ ਦੇ ਪਿਆਰ ਦੇ ਹੁਣ ਦੀਪ ਵੀ

ਡਰ ਨਹੀਂ ਕੋਈ ਜੇ ਹੁਣ ਰਾਹਾਂ ’ਚ ਨ੍ਹੇਰਾ ਘੋਰ ਹੈ

📝 ਸੋਧ ਲਈ ਭੇਜੋ