ਰਾਰਾ ਰਿੜਕ ਲੈ ਏਸ ਸਰੀਰ ਤਾਈਂ, ਜ਼ਰਾ ਗਿਆਨ ਵੀਚਾਰ ਮਦਾਨ ਕਰਕੇ ।
ਲਵੀਂ ਦੁੱਧ ਜਮਾਇ ਸਰੀਰ-ਭਾਂਡੇ, ਜਾਗ ਗੁਰੂ ਉਪਦੇਸ਼ ਸਮਾਨ ਕਰਕੇ ।
ਕਾਮ ਕ੍ਰੋਧ ਮੋਹ ਲੋਭ ਹੰਕਾਰ ਢਾਵੀਂ, ਚਾਰ ਚੁਸਤ ਜੁਆਕ ਬਲਵਾਨ ਬਣਕੇ ।
ਪੱਖੀ ਮਨ ਮਾਰੀ ਉਡੇ ਜਾਂਵਦੇ ਨੂੰ, ਸੁਰਤ ਸ਼ਬਦ ਦਾ ਤੀਰ-ਕਮਾਨ ਕਰਕੇ ।
ਘੋੜੇ ਨਫ਼ਸ ਤੇ ਬੈਠ ਅਸਵਾਰ ਹੋਵੀਂ, ਵਿੱਚ ਮੁੱਖ ਦੇ ਗਿਆਨ-ਲਗਾਮ ਕਰਕੇ ।
ਆਸਾ ਤ੍ਰਿਸ਼ਨਾ ਤੇਜ਼ ਤਲਵਾਰ ਡਾਢੀ, ਰੱਖ ਸਾਂਭ ਵੀਚਾਰ ਮਿਆਨ ਕਰਕੇ ।
ਉੱਡੇ ਫੁਰਨਾਂ ਚਿੱਤ ਦਾ ਵਾਂਗ ਪੰਛੀ, ਪਾਵੀਂ ਤੂੰ ਵੀਚਾਰ ਦਾ ਤਾਣ ਕਰਕੇ ।
ਵਿੱਚ ਰੱਖ ਸੌਦਾ ਰਾਮ-ਨਾਮ ਦਾ ਤੂੰ, ਇਹ ਦੇਹ ਨੂੰ ਜਾਣ ਦੁਕਾਨ ਕਰਕੇ ।
ਤੇਰਾ ਦਿਨ ਅਖ਼ੀਰ ਦਾ ਆਣ ਪਹੁੰਚਾ, ਗਾਫ਼ਲ ਬੰਦਿਆ ਵੇਖ ਧਿਆਨ ਕਰਕੇ ।
ਅੱਜ-ਕਲ੍ਹ ਆ ਜਾਣ ਜਮਦੂਤ ਜ਼ਾਲਮ, ਧਰਮ-ਰਾਜ ਦੇ ਕੋਲ ਲੈ ਜਾਣ ਫੜਕੇ ।
ਨੇਕ ਅਮਲ ਨਾ ਬੰਦਗੀ ਸੰਤ ਸੇਵਾ, ਕੀ ਖੱਟਿਆ ਜੱਗ ਤੇ ਆਣ ਕਰਕੇ ?
ਸਿਮਰ ਬੰਦਿਆ ਤੂੰ ਸਿਰਜਣ ਹਾਰ ਸੁਆਮੀ, ਜਾਵੀਂ ਜਨਮ ਨ ਮੂਲ ਵਰਾਨ ਕਰਕੇ ।
ਨਾਮ ਸਿਮਰਨੋ ਮੁੱਖ ਪੁਕਾਰਦੇ ਹੈ, ਭਾਵੇਂ ਵੇਖ ਲੈ ਵੇਦ ਪੁਰਾਨ ਪੜ੍ਹਕੇ ।
ਦੇਵਾ ਸਿੰਘ ਬਿਨ ਨਾਮ ਤੋਂ ਕੰਮ ਝੂਠੇ, ਲੱਗ ਜਾਨ ਯਕੀਨ ਉਮਾਨ ਕਰਕੇ ।