ਰਾਤ ਸਾਰੀ ਖ਼ਾਬ ਵਿਚ

ਰਾਤ ਸਾਰੀ ਖ਼ਾਬ ਵਿਚ ਗੋਰੀ ਨਦੀ ਵਹਿੰਦੀ ਰਹੀ

ਖ਼ੂਬਸੂਰਤ ਗੋਤਿਆਂ ਨੂੰ ਜਾਨ ਇਕ ਸਹਿੰਦੀ ਰਹੀ

ਉਂਝ ਤਾਂ ਉਸ ਨਾਲ ਗੱਲਾਂ ਮਾਰੀਆਂ ਮੈਂ ਸਾਰੀਆਂ

ਗੱਲ ਦਿਲ ਦੀ ਪਰ ਹਮੇਸ਼ਾ ਦਿਲ ’ਚ ਹੀ ਰਹਿੰਦੀ ਰਹੀ

ਛਾਂ ਘਣੀ ਨੂੰ ਬੇਵਜ੍ਹਾ ਹੀ ਹੋ ਗਿਆ ਇਹ ਵਹਿਮ ਹੈ

ਬਿਰਖ ਦੇ ਕੰਨਾਂ ’ਚ ਖੌਰੇ ਧੁੱਪ ਕੀ ਕਹਿੰਦੀ ਰਹੀ

ਫੁੱਲ ਨੂੰ ਹੋਈ ਸਜ਼ਾ ਤੇ ਉਹ ਮਸਲ ਦਿੱਤਾ ਗਿਆ

ਦੋਸ਼ ਉਸਦਾ ਸੀ ਕਿ ਤਿਤਲੀ ਉਸ ’ਤੇ ਕਿਉਂ ਬਹਿੰਦੀ ਰਹੀ

ਸਮਝਦੇ ਜਿਸ ਨੂੰ ਰਹੇ ਸਾਂ ਰੱਬ ਵਰਗਾ ਆਸਰਾ

ਉਹ ਛੁਰੀ ਸੀ ਧੁਰ ਕਲੇਜੇ ਤੀਕ ਜੋ ਲਹਿੰਦੀ ਰਹੀ

📝 ਸੋਧ ਲਈ ਭੇਜੋ