ਰਚਾ ਕੇ ਪਿਆਸ ਦਾ ਪੂਰਾ ਅਡੰਬਰ

ਰਚਾ ਕੇ ਪਿਆਸ ਦਾ ਪੂਰਾ ਅਡੰਬਰ

ਨਦੀ ਇਕ ਪੀ ਗਈ ਸਾਰਾ ਸਮੁੰਦਰ

ਰਹੇ ਖ਼ਾਮੋਸ਼ ਮੇਰੀ ਚੀਕ ਭਾਵੇਂ

ਬੜਾ ਹੈ ਸ਼ੋਰ ਮੇਰੀ ਚੁੱਪ ਅੰਦਰ

ਕਿਵੇਂ ਤਫ਼ਤੀਸ਼ ਕਾਤਿਲ ਦੀ ਕਰੋਗੇ

ਉਨ੍ਹੇ ਨੈਣਾਂ ’ਚ ਰੱਖੇ ਸਾਂਭ ਖ਼ੰਜਰ

ਧਨੁਸ਼ ਚੁੱਕਣਾ ਵਫ਼ਾ ਦਾ ਲਾਜ਼ਮੀ ਸੀ

ਜਿੱਤ ਸਕਿਆ ਕੁਈ ਮੇਰਾ ਸੁਅੰਬਰ

ਖਲੋਤਾ ਦਿਨ ਰਿਹਾ ਮੇਰੇ ਸਿਰ੍ਹਾਣੇ

ਅਜਬ ਇਕ ਵੇਖਿਆ ਮੈਂ ਰਾਤ ਮੰਜ਼ਰ

ਅਸਾਡੇ ਹੌਸਲੇ ਖ਼ਾਤਿਰ ਹੀ ਕਹਿ ਦੇ

ਬੜੇ ਏਥੋਂ ਗਏ ਖ਼ਾਲੀ ਸਿਕੰਦਰ

ਨਵਾਂ ਇਹ ਸਾਲ ਵੀ ਪਿਛਲੇ ਜਿਹਾ ਹੈ

ਅਸੀਂ ਤਾਂ ਬਦਲਿਆ ਹੈ ਬਸ ਕਲੰਡਰ

ਕਥਾ ਤੇਰੀ ’ਚ ਤੁਰਦਾ ਗ਼ੈਰ ਜਦ ਵੀ

ਗ਼ਜ਼ਲ ਮੇਰੀ ਖਲੋ ਜਾਵੇ ਠਠੰਬਰ

‘ਅਮਰ’ ਨਾ ਤਾਰਿਆਂ ਦੀ ਗੱਲ ਕਰਦਾ

ਸਿਆਣਾ ਹੈ, ਬੜਾ ਹੈ ਦੂਰ ਅੰਬਰ

📝 ਸੋਧ ਲਈ ਭੇਜੋ