ਰਗ਼ਾਂ ਵਿਚ ਖ਼ੂਨ ਜਦ ਤੀਕਰ ਤਦੋਂ ਤੱਕ ਯਾਦ ਆਵੇਂਗਾ।
ਵਚਨ ਅਪਣਾ ਨਿਭਾਵਾਂਗੀ ਵਚਨ ਤੂੰ ਵੀ ਨਿਭਾਵੇਂ
ਕਲੇਜੇ ਵਿਚ ਮੁਹੱਬਤ ਦੀ ਅਗਨ ਐਸੀ ਲਗਾ ਦੇਣੀ,
ਵਧੇਰੇ ਯਾਦ ਆਵਾਂਗੀ ਜਿੰਨਾ ਮੈਨੂੰ ਭੁਲਾਵੇਂਗਾ।
ਸਦਾ ਤੇਰੇ ਕਲੇਜੇ ਵਿਚ ਚੁਭਾਂਗੀ ਛਿਲਤ ਵਾਂਗੂੰ ਮੈਂ,
ਅਜ਼ਲ ਤਾਈਂ ਮੁਹੱਬਤ ਦਾ ਵਿਜੋਗੀ ਗੀਤ ਗਾਵੇਂਗਾ।
ਜੁਦਾ ਹੋ ਕੇ ਚਲੇ ਜਾਣਾ ਬੜੀ ਹੀ ਦੂਰ ਤੂੰ ਮੈਥੋਂ,
ਜਿਗਰ ਦੇ ਆਲ੍ਹਣੇ ਵਿਚ ਪਰ ਸਦਾ ਮੈਨੂੰ ਵਸਾਵੇਂਗਾ।
ਵਤਨ ਨੂੰ ਅਲਵਿਦਾ ਕਹਿ ਕੇ ਪਰਾਇਆ ਹੋ ਨਹੀਂ ਸਕਣਾ,
ਮਹਿਕ ਅਪਣੀ ਵਿਰਾਸਤ ਦੀ ਕਿਥਾਓ ਢੂੰਡ ਪਾਵੇਂਗਾ?
ਉਦਾਸੀ ਦੇ ਘਣੇ ਜੰਗਲ ਵਲੇਵਾਂ ਪੌਣ ਜੇ ਤੈਨੂੰ,
ਕਰੇਗਾ ਯਾਦ ਜੇ ਮੈਨੂੰ ਦੁੱਖਾਂ ਵਿਚ ਮੁਸਕਰਾਵੇਂਗਾ।
ਗ਼ਨੀਮਤ ਹੈ ਕਿ ਤੇਰੇ ਪਾਸ ਹੈ ਜਜ਼ਬਾ ਮੁਹੱਬਤ ਦਾ,
ਕਦਮ ਅਪਣੇ ਪਹਾੜਾਂ ਦੀ ਬੁਲੰਦੀ 'ਤੇ ਟਿਕਾਵੇਂਗਾ।
ਨਜ਼ਾਰੇ ਹਰ ਜਜ਼ੀਰੇ ਤੇ ਬੜੇ ਹੀ ਮਿਲਣਗੇ ਤੈਨੂੰ,
ਬਿਨਾਂ ਮੇਰੇ ਸਮੁੰਦਰ ਵਿਚ ਕਿਵੇਂ ਜਾਦੂ ਜਗਾਵੇਂਗਾ?