ਰਹੇ ਖ਼ਾਮੋਸ਼ ਹੀ ਅਕਸਰ ਅਸੀਂ ਜੇ ਅਰਜ਼ੀਆਂ ਬਣਕੇ ।
ਤਾਂ ਰਹਿਣੈ ਮਸਤਿਆ ਹਾਕਮ ਹਮੇਸ਼ਾ ਕੁਰਸੀਆਂ ਬਣਕੇ ।
ਉਹਦੀ ਆਦਤ ਜ਼ਮੀਨਾਂ ਦੀ ਹੈ ਲਾਉਂਦੀ ਭਾਅ ਜ਼ਮੀਰਾਂ ਦੇ,
ਮੇਰਾ ਪਿੰਡ ਵੀ ਸ਼ਹਿਰ ਵਾਂਗਰ ਹੈ ਜਿਉਂਦਾ ਬਾਣੀਆਂ ਬਣਕੇ ।
ਨੱਚਾਵਣ ਉਂਗਲਾਂ 'ਤੇ ਜੋ ਦਿਸੇ ਜਦ ਹੱਥ ਉਹ ਸਾਨੂੰ,
ਤਾਂ ਦੱਸਾਂਗੇ ਹੈ ਨੱਚੀਦਾ ਕਿਵੇਂ ਕੱਠ-ਪੁਤਲੀਆਂ ਬਣਕੇ ।
ਗਏ ਸਨ ਰੁੱਖ ਜੋ ਚੀਰੇ ਨਾਂ ਹੋਏ ਫਿਰ ਹਰੇ ਐਪਰ,
ਘਰਾਂ ਵਿੱਚ ਵੀ ਬੜਾ ਤੜਪੇ ਉਹ ਬੂਹੇ-ਬਾਰੀਆਂ ਬਣਕੇ ।
ਹੈ ਜੇਕਰ ਪਰਖਣਾ ਮੈਨੂੰ ਤਾਂ ਐਨਕ ਤੋੜ ਹਉਮੈਂ ਦੀ,
ਹਵਾ ਨੂੰ ਕਿਉਂ ਰਹੇਂ ਮਿਣਦਾ ਤੂੰ ਐਵੇਂ ਰੱਸੀਆਂ ਬਣਕੇ ।
ਇਹ ਸਭ ਹਾਲਾਤ ਕਰਦੇ ਨੇ ਨਹੀਂ ਤਾਂ ਕੌਣ ਹੈ ਚਾਹੁੰਦਾ,
ਕਿ ਤਰੀਏ ਖ਼ੂਨ ਦਾ ਸਾਗਰ ਜਾਂ ਡੁੱਬੀਏ ਮੱਛੀਆਂ ਬਣਕੇ ।
ਕਿਤੇ ਉਹ ਭਿੱਜ ਨਾਂ ਜਾਵੇ ਜਾਂ ਸੜਦੇ ਪੈਰ ਨਾਂ ਹੋਵਣ,
ਰਹੇ ਹਰ ਖਿਆਲ ਹੀ ਮੇਰਾ ਕਿਸੇ ਲਈ ਛਤਰੀਆਂ ਬਣਕੇ ।