ਸੁਣੋ, ਸੁਣਾਵਾਂ ਇਕ ਕਹਾਣੀ,
ਇਕ ਸੀ ਰਾਜਾ ਇਕ ਸੀ ਰਾਣੀ ।
ਵਸਦੇ ਸਨ ਮਹਿਲਾਂ ਵਿਚਕਾਰ,
ਸੀ ਦੋਹਾਂ ਦਾ ਡੂੰਘਾ ਪਿਆਰ ।
ਸੀ ਦੋਹਾਂ ਦੀ ਇਕੋ ਗੱਲ,
ਮਿਲਕੇ ਬਹਿੰਦੇ ਸਨ ਪਲ ਪਲ ।
ਇਕ ਦਿਨ ਰਾਜਾ ਹੋ ਅਸਵਾਰ,
ਤੁਰਿਆ ਖੇਡਣ ਲਈ ਸ਼ਿਕਾਰ ।
ਰਾਣੀ ਨੇ ਵੀ ਕੀਤੀ ਮੰਗ,
ਜਾਣ ਲਈ ਰਾਜੇ ਦੇ ਸੰਗ ।
ਰਾਜੇ ਨੇ ਮੰਨ ਲੀਤੀ ਗੱਲ,
ਦੋਵੇਂ ਤੁਰ ਪਏ ਜੰਗਲ ਵੱਲ ।
ਇਕ ਗੂੜ੍ਹੇ ਜੰਗਲ ਵਿਚਕਾਰ,
ਤੱਕਿਆ ਦੋਹਾਂ ਇਕ ਸ਼ਿਕਾਰ ।
ਦੋਹਾਂ ਘੋੜੇ ਲਏ ਨਸਾ;
ਹਫ ਗਏ ਉਹਦੇ ਪਿੱਛੇ ਜਾ ।
ਰਾਜੇ ਤੱਕੋਂ ਸਿਸਤ ਬਣਾ,
ਦਿਤਾ ਕਮਾਨੋਂ ਤੀਰ ਚਲਾ ।
ਗਿਆ ਸ਼ਿਕਾਰ ਜੰਗਲ ਵਿਚ ਲੁੱਕ,
ਤੀਰ ਨਿਸ਼ਾਨੇ ਤੋਂ ਗਿਆ ਉੱਕ ।
ਥੱਕ ਟੁੱਟ ਗਏ ਪੈ ਗਈ ਸ਼ਾਮ,
ਕਰਨ ਲਗੇ ਬਹਿ ਕੇ ਬਿਸਰਾਮ ।
ਦੋਹਾਂ ਨੂੰ ਅੱਤ ਲੱਗੀ ਭੁੱਖ,
ਹੋਇਆ ਬੜਾ ਅਨੋਖਾ ਦੁੱਖ ।
ਰਾਜੇ ਸੁਟ ਨਦੀ ਵਿਚ ਜਾਲ,
ਮੱਛੀ ਫਾਹ ਲਈ ਉਹਦੇ ਨਾਲ ।
ਮੱਛੀ ਦੇਖ ਜਾਲ ਦੇ ਵਿਚ
ਜਾਲ ਲਿਆ ਰਾਜੇ ਨੇ ਖਿੱਚ ।
ਮੱਛੀ ਲੱਗੀ ਤੜਫਣ ਝੱਟ,
ਲਗੇ ਹੋਣ ਜਿਵੇਂ ਕੋਈ ਫੱਟ ।
ਦੇਖ ਕੇ ਇਹ, ਰਾਣੀ ਗਈ ਡਰ,
ਪਰ ਅਪਣਾ ਦਿਲ ਕਰੜਾ ਕਰ ।
ਮੱਛੀ ਚੁੱਕੀ ਹੋਈ ਜਿੱਚ,
ਤੇ ਸੁਟੀ ਪਾਣੀ ਦੇ ਵਿਚ ।
ਦੁਏ ਜਣੇ ਰਾਜਾ ਤੇ ਰਾਣੀ,
ਬਿਨ ਖਾਧੇ ਬਿਨ ਪੀਤੇ ਪਾਣੀ ।
ਮੁੜ ਆਏ ਮਹਿਲਾਂ ਵਿਚਕਾਰੇ,
ਭੁਖੇ ਭਾਣੇ ਦੁਏ ਵਿਚਾਰੇ ।