ਰੱਕੜ ਵਿਚ ਕੱਲੇ ਰੁੱਖ ਵਾਂਗੂੰ ਕਦੇ ਚਾਹਿਆ ਸੀ ਜੰਗਲ ਬਣ ਜਾਂ ।
ਜਾਂ ਲਰਜ਼ ਰਹੇ ਦੋ ਹੋਠਾਂ 'ਤੇ ਇਕ ਹਾਂ ਵਰਗੀ ਕੋਈ ਗੱਲ ਬਣ ਜਾਂ ।
ਤੂੰ ਪਾਣੀ ਵਗਦੇ ਦਰਿਆ ਦਾ ਮੈਂ ਲਹਿਰ ਨਿਗੂਣੀ ਹੋਂਦ ਮੇਰੀ
ਮੇਰੀ ਹਸਰਤ ਕੰਢਿਆਂ ਨਾਲ ਕਿਤੇ ਉਠ ਕੇ ਡਿੱਗਦੀ ਇਕ ਛੱਲ ਬਣ ਜਾਂ ।
ਤੂੰ ਮਾਰੂਥਲ ਦਾ ਮਿਰਗ ਸਹੀ ਮੈਂ ਕੋਸਾ ਨੀਰ ਸਰੋਵਰ ਦਾ
ਤੇਰੀ ਪਿਆਸ ਬੁਝਾ ਜੇ ਨਹੀਂ ਸਕਦਾ ਤਾਂ ਚਾਹਵਾਂ ਮਾਰੂਥਲ ਬਣ ਸਾਂ ।
ਦਰਵਾਜ਼ਾ ਬਣ ਕੇ ਕੀ ਲੈਣਾ ਹਰ ਦਸਤਕ ਤੇ ਜੇ ਖੁਲ੍ਹ ਜਾਣਾ ।
ਦਰਵਾਜ਼ੇ ਨਾਲੋਂ ਤਾਂ ਬਿਹਤਰ ਦਰਵਾਜ਼ੇ ਦੀ ਸਰਦਲ ਬਣ ਜਾਂ ।