ਰਾਰਾ ਕਹੇ ਰਿਦੇ ਆਰਾਮ ਹੋਇਆ, ਰਾਮ-ਰਾਮ ਨੂੰ ਮੁੱਖ ਸੇ ਗੌਂਦਿਆਂ ਨੂੰ।

ਜਾਣੀਂ ਜੋਗ ਦੀ ਜੁਗਤ ਨਾ ਜ਼ਰਾ ਜੋਗੀ, ਉਮਰ ਗਈ ਹੈ ਧੂਣੀਆਂ ਤੌਂਦਿਆਂ ਨੂੰ। 

ਕਿੱਤੇ ਰੱਬ ਨਾ ਅੱਖੀਏਂ ਨਜ਼ਰ ਆਇਆ, ਅੱਠ ਪਹਿਰ ਹੀ ਧਿਆਨ ਲਗੌਂਦਿਆਂ ਨੂੰ। 

ਵਿੱਚੋਂ ਦਿਲ ਦੀ ਮੈਲ ਨਾ ਦੂਰ ਹੋਈ, ਸਾਲ ਗੁਜ਼ਰ ਗਏ ਤੀਰਥੀਂ ਨ੍ਹੌਂਦਿਆਂ ਨੂੰ। 

ਨਹੀਂ ਸਿਜਦਾ ਸਾਹਿਬ ਕਬੂਲ ਕੀਤਾ, ਉਮਰ ਗਈ ਹੈ ਸੀਸ ਨਿਵੌਂਦਿਆਂ ਨੂੰ। 

ਤਾਰ ਵੱਖਰੀ ਗ਼ੈਬ ਦੇ ਰਾਗ ਵਾਲੀ, ਆਇਆ ਭੇਦ ਸਾਜ਼ ਵਜੌਂਦਿਆਂ ਨੂੰ। 

ਵੱਸੀ ਇੱਕ ਨਾ ਆਪਣੇ ਦਿਲ ਅੰਦਰ, ਪਾਠ ਪੜ੍ਹਦਿਆਂ ਅਤੇ ਪੜੌਦਿਆਂ ਨੂੰ। 

ਚਲੈ ਸੋਇ ਸਰੂਪ ਨਾ ਜਾਣਿਆਂ ਏ, ਵਰ੍ਹੇ ਗੁਜ਼ਰ ਗਏ ਗੁਰਾਂ ਬਤਲੌਂਦਿਆਂ ਨੂੰ। 

ਫ਼ਰਕ ਰਿਹਾ ਨਿਸ਼ਾਨ ਦੀ ਸ਼ਿਸਤ ਅੰਦਰ, ਗੋਲ-ਅੰਦਾਜ਼ ਨਸ਼ਾਨ ਚਲੌਂਦਿਆਂ ਨੂੰ। 

ਕੁਰਲੀ ਡੋਲਿਆਂ ਭੰਗ ਅਨੰਦ ਨਾਹੀ, ਅਮਲ ਚੜੇਗਾ ਅਗ੍ਹਾਂ ਲੰਘੌਂਦਿਆਂ ਨੂੰ। 

ਬਿਨ੍ਹਾਂ ਸਾਧਨਾ ਕੀਤਿਆਂ ਕੌਣ ਸਾਧੂ, ਜ਼ਰਾ ਪੁੱਛੀਏ ਭੇਖ ਬਣੌਂਦਿਆਂ ਨੂੰ। 

ਇੱਕ ਹਾਰ ਗਏ ਬਾਨਪ੍ਰਸਤ ਕਰਕੇ, ਇੱਕਨਾ ਮਿਲ ਗਿਆ ਗ੍ਰਿਸਤ ਕਮੌਂਦਿਆਂ ਨੂੰ। 

ਗੋਰਖ ਜੋਗ ਨਾ ਬਖ਼ਸ਼ਿਆ ਚੇਲਿਆਂ ਨੂੰ, ਪੂਰਨ ਵਰਗਿਆਂ ਮਿਲ ਗਿਆ ਔਂਦਿਆਂ ਨੂੰ। 

ਮਨਾ ਮੇਰਿਆ ਉਮਰ ਤਾਂ ਬੀਤ ਚੱਲੀ, ਐਵੇਂ ਅੱਜ ਤੇ ਕੱਲ੍ਹ ਤਕੌਂਦਿਆਂ ਨੂੰ। 

ਪਿੱਛੇ ਧੰਨ ਦੇ ਧਰਮ ਤੂੰ ਛੀਨ ਲਿਆ, ਮੂਲ ਜਾਵਸੀ ਵਿਆਜ਼ ਦੇ ਚੌਂਹਦਿਆਂ ਨੂੰ।

ਦਯਾ ਸਿੰਘ ਤੇਰਾ ਇੰਤਜ਼ਾਰ ਹਾਂ ਮੈਂ, ਯਾਰਾ ਮਿਲੀਂ ਤੂੰ ਔਸੀਆਂ ਪੌਂਦਿਆਂ ਨੂੰ। 

📝 ਸੋਧ ਲਈ ਭੇਜੋ