ਰਿਸ਼ਤਾ ਐਸਾ ਜੁੜ ਜਾਂਦਾ ਹੈ

ਰਿਸ਼ਤਾ ਐਸਾ ਜੁੜ ਜਾਂਦਾ ਹੈ ਰੱਬ ਵਰਗੇ ਕੁਝ ਨਾਵਾਂ ਨਾਲ

ਮੁੜ—ਮੁੜ ਚੇਤੇ ਆਉਂਦੇ ਨੇ ਜੋ ਆਉਂਦੇ ਜਾਂਦੇ ਸਾਹਵਾਂ ਨਾਲ

ਕਾਲੇ ਕਾਵਾਂ ਚੂਰੀ ਪਾਵਾਂ ਸੋਨੇ ਚੁੰਝ ਮੜ੍ਹਾਵਾਂ ਨਾਲ

ਸਾਰ ਦਵੇਂ ਜੇ ਉਸਦੀ ਜਿਸਨੂੰ ਰੋਜ਼ ਉਡੀਕਾਂ ਚਾਵਾਂ ਨਾਲ

ਦੇਸ ਬਿਗਾਨੇ ਪਏ ਯਾਰਾਨੇ ਕੱਲ—ਮ—ਕੱਲੀਆਂ ਥਾਵਾਂ ਨਾਲ

ਜਿੱਥੇ ਬਹਿ ਕੇ ਖ਼ਤ ਲਿਖਦਾ ਹਾਂ ਹੌਕੇ, ਹੰਝੂ, ਹਾਵਾਂ ਨਾਲ

ਚਲਦਾ ਚਲਦਾ ਸੂਰਜ ਬਲਦਾ ਰਲਦਾ ਹੈ ਰਾਹਵਾਂ ਨਾਲ

ਝੂਠੀ ਮੂਠੀ ਨਾਤਾ ਜੋੜਾਂ ਪਰਛਾਵੇਂ ਦਾ ਛਾਵਾਂ ਨਾਲ

ਜ਼ੁਲਫ਼ ਜਦੋਂ ਦੀ ਬਿਖ਼ਰੀ ਤੇਰੀ ਯਾਰਾ ਗ਼ੈਰ ਹਵਾਵਾਂ ਨਾਲ

ਮੇਰੇ ਨੈਣਾਂ ਦੀ ਯਾਰੀ ਹੈ ਸ਼ੂਕ ਰਹੇ ਦਰਿਆਵਾਂ ਨਾਲ

ਸਾਹਿਬਾਂ ਨੇ ਤਾਂ ਤੁਰਨਾ ਹੀ ਸੀ ਆਖ਼ਰਕਾਰ ਭਰਾਵਾਂ ਨਾਲ

ਮਿਰਜ਼ੇ ਨੇ ਤਾਂ ਮਰਨਾ ਹੀ ਸੀ ਕਰਦਾ ਕੀ ਦੋ ਬਾਂਹਵਾਂ ਨਾਲ

📝 ਸੋਧ ਲਈ ਭੇਜੋ