ਰਿਸ਼ਤਿਆਂ ਦੇ ਜ਼ਿਕਰ ਵਿੱਚੋਂ ਤਾਜ਼ਗੀ ਕਿੱਧਰ ਗਈ ।
ਜ਼ਿੰਦਗੀ ‘ਚੋਂ ਪਿੰਡ ਵਰਗੀ ਸਾਦਗੀ ਕਿੱਧਰ ਗਈ ।
ਭੀੜ ਹੈ ਸੜਕਾਂ ‘ਤੇ ਪਰ ਮਾਤਮ ਦਿਲਾਂ ਅੰਦਰ ਬੜਾ,
ਹਰ ਕੋਈ ਲੱਭਦਾ ਫਿਰੇ ਹੁਣ ਜ਼ਿੰਦਗੀ ਕਿੱਧਰ ਗਈ ।
ਸਾਰਿਆਂ ਜ਼ਖ਼ਮਾਂ ਦੇ ਉੱਪਰ ਠੋਕਰਾਂ ਦੇ ਸੀ ਪਤੇ,
ਪਰ ਪਤਾ ਕਿਧਰੋਂ ਨਾਂ ਮਿਲਿਆ ਕਿ ਖੁਸ਼ੀ ਕਿੱਧਰ ਗਈ ।
ਜ਼ਿੰਦਗੀ ਦਾ ਗੀਤ ਜਿਸ ਪਲ ਗਾਉਣ ਦੀ ਫੁਰਸਤ ਮਿਲੇ,
ਫੇਰ ਮੈਂ ਲੱਭਦਾ ਹਾਂ ਮੇਰੀ ਬਾਂਸੁਰੀ ਕਿੱਧਰ ਗਈ ।
ਪਾਣੀ ‘ਤੇ ਹਾਲੇ ਬਣਾਉਣੇ ਸੀ ਹਵਾ ਨੇ ਹਾਸ਼ੀਏ,
ਹਾਏ ! ਪਰ ਉਹ ਨੇੜਿਉਂ ਵਗਦੀ ਨਦੀ ਕਿੱਧਰ ਗਈ ।
ਉਮਰ ਦੇ ਸਾਰੇ ਚੌਰਾਹੇ ਬਣ ਗਏ ਖੰਡਰ ‘ਅਜ਼ੀਮ’,
ਰਾਤ ਵੀ ਪੁੱਛਦੀ ਨਹੀਂ ਹੁਣ ਰੌਸ਼ਨੀ ਕਿੱਧਰ ਗਈ ।