ਰੋਕੇ ਵੇ ਕੋਈ ਰੋਕੇ

ਰੋਕੇ ਵੇ ਕੋਈ ਰੋਕੇ 

ਜਿੰਦ-ਕੂੰਜ ਦਾ ਮਾਸ ਮਖਮਲੀ 

ਬਾਜ ਬਿਰਹੋਂ ਦਾ ਨੋਚੇ

ਮੌਸਮ ਦੀ ਇਹ ਕੈਸੀ ਨਿਘ ਹੈ 

ਮਾਤਮ ਜੱਫੀਆਂ ਪਾਵੇ

ਮੌਸਮ ਕੋਲੋਂ ਕੇਹੜਾ ਪੁੱਛੇ

ਹਰ ਪੱਤਾ ਕਿਉਂ ਕਰਲਾਵੇ

ਮੌਸਮ ਨੂੰ ਅੱਜ ਕੇਹੜਾ ਆਖੇ 

ਚਿਤ ਯਾਰ ਮਿਲਣ ਨੂੰ ਲੋਚੇ

ਬਾਝੋਂ ਤੇਰੇ ਖੁਸ਼ੀਆਂ ਯਾਰਾ 

ਜਿਉਂ ਕਬਰਾਂ ਦਾ ਹਾਸਾ 

ਜਾਂ ਕੋਈ ਸੌਣ ਮਹੀਨੇ ਵਿੱਚ ਵੀ 

ਰਹਿ ਜੇ ਰੁੱਖ ਪਿਆਸਾ 

ਰੁੱਤ-ਬਸੰਤੀ ਹਿਜ਼ਰਾਂ ਮਾਰੀ 

ਰੁੱਖ ਬਿਰਹਣ ਵਾਗ ਖਲੋਤੇ

ਸਾਹਾਂ ਦੇ ਵਿੱਚ ਮਹਿਕ ਮਿਲਣ ਦੀ

ਹੰਝੂਆਂ ਵਿੱਚ ਅਰਜੋਈ

ਹੋਠਾਂ ਤੇ ਫਰਿਆਦ ਨਿਮਾਣੀ 

ਅੱਜ ਆਪਣਾ ਆਖੇ ਕੋਈ

ਅੱਜ ਕਲ ਮੌਤ ਨਾ ਉਮਰਾਂ ਪੁੱਛਦੀ 

ਕਦ ਜਿੰਦ ਲੈਜੇ ਖੋਹ ਕੇ

ਰੋਕੇ ਵੇ ਕੋਈ ਰੋਕੇ

ਜਿੰਦ ਕੂੰਜ ਦਾ ਮਾਸ ਮਖਮਲੀ 

ਬਾਜ਼ ਬਿਰਹੋਂ ਦਾ ਨੋਚੇ

📝 ਸੋਧ ਲਈ ਭੇਜੋ