ਰੋਂਦੀ ਰੂਹ ਹਾਣੀਆ

ਰੋਂਦੀ ਰੂਹ ਹਾਣੀਆ, ਜਿੰਦ ਜਾਨ ਹਾਣੀਆ 

ਅਸੀਂ ਕੁਝ ਕੁ ਪਲਾਂ ਦੇ ਮਹਿਮਾਨ ਹਾਣੀਆ

ਅਸੀਂ ਯਾਰਾਂ ਦੇ ਕਰਾਰਾਂ ਵਿੱਚੋਂ ਕੀ ਲੱਭੀਏ 

ਮੋਏ ਸੁਪਨੇ ਹਜ਼ਾਰਾਂ ਦੱਸ ਕਿਥੇ ਦੱਬੀਏ 

ਸਾਨੂੰ ਕਿਸੇ ਵੀ ਨਾ ਆਉਣਾ ਅੱਗ ਲਾਣ ਹਾਣੀਆ 

ਅਸੀਂ ਕੁਝ ਕੁ ਪਲਾਂ ਦੇ ਮਹਿਮਾਨ ਹਾਣੀਆ

ਅਸੀਂ ਕਬਰਾਂ ਦੇ ਕੁੱਜੇ ਵਾਂਗ ਖਾਲੀ ਹੀ ਰਹੇ 

ਰਹੀ ਝੂਠੀ ਇਹ ਉਡੀਕ ਕੋਈ ਆਪਣਾ ਕਹੇ 

ਸਾਡਾ ਹੋਇਆ ਨਾ ਇਹ ਹਾਣ ਪਰਵਾਨ ਹਾਣੀਆ 

ਅਸੀਂ ਕੁਝ ਕੁ ਪਲਾਂ ਦੇ ਮਹਿਮਾਨ ਹਾਣੀਆ

ਅਸੀਂ ਬੱਦਲਾਂ ਦੇ ਵਾਂਗ ਬਾਹਰੋਂ ਹੱਸਦੇ ਰਹੇ 

ਸੋਹਣੇ ਲੱਗਦੇ ਪਹਾੜ ਅਸੀਂ ਵੱਸਦੇ ਰਹੇ 

ਰੁਲੇ ਪੱਥਰਾਂ 'ਚ ਹੋਏ ਹਾਂ ਵੀਰਾਨ ਹਾਣੀਆ 

ਅਸੀਂ ਕੁਝ ਕੁ ਪਲਾਂ ਦੇ ਮਹਿਮਾਨ ਹਾਣੀਆ

ਪਿਆ ਅੰਬੀਆਂ ਨੂੰ ਬੂਰ ਅਸੀਂ ਤਕਦੇ ਰਹੇ 

ਸੁੱਕੇ ਕਾਨਿਆਂ ਦੇ ਵਾਂਗ ਕੋਲ ਮੱਚਦੇ ਰਹੇ 

ਕੋਈ ਕੋਇਲ ਵੀ ਨਾ ਸਕੀ ਪਹਿਚਾਣ ਹਾਣੀਆ 

ਅਸੀਂ ਕੁਝ ਕੁ ਪਲਾਂ ਦੇ ਮਹਿਮਾਨ ਹਾਣੀਆ

ਤੇਰਾ ਸਾਥ ਸਾਡਾ ਘਾਹ ਤੇ ਤਰੇਲ ਵਾਂਗਰਾਂ 

ਕਿਸੇ ਬੀਆਬਾਨ ਪੁਲ ਅਤੇ ਰੇਲ ਵਾਂਗਰਾਂ 

ਪਰਦੇਸੀਆਂ ਦਾ ਕਾਹਦਾ ਹੁੰਦੈ ਮਾਣ ਹਾਣੀਆ 

ਅਸੀਂ ਕੁਝ ਕੁ ਪਲਾਂ ਦੇ ਮਹਿਮਾਨ ਹਾਣੀਆ

ਤੇਰੀ ਜੂਹ ਵਿੱਚ ਆਏ ਅਸੀਂ ਕੂੰਜ ਵਾਂਗਰਾਂ 

ਕਿਸੇ ਉਡਦੇ ਜਹਾਜ਼ ਵਾਲੀ ਗੂੰਜ ਵਾਂਗਰਾਂ 

ਸਾਡਾ ਧਰਤੀ ਨਾ ਕੋਈ ਅਸਮਾਨ ਹਾਣੀਆ 

ਅਸੀਂ ਕੁਝ ਕੁ ਪਲਾਂ ਦੇ ਮਹਿਮਾਨ ਹਾਣੀਆ

📝 ਸੋਧ ਲਈ ਭੇਜੋ