ਸੱਜਣ ਮੈਂ ਕਿਸ ਕਿਸ ਨੂੰ ਗਲ ਲਾਵਾਂ
ਅੰਬਰ ਰੋਂਦਾ ਧਰਤੀ ਰੋਂਦੀ
ਰੋਂਦੀਆਂ ਫਿਰਨ ਹਵਾਵਾਂ
ਲਹੂ ਆਪਣੇ ਨੂੰ ਆਪੇ ਪੀ ਕੇ
ਕਿਹੜੀ ਪਿਆਸ ਬੁਝਾਈਏ
ਅੱਧ ਮੋਏ ਜਿਹੇ ਸੁਪਨੇ ਲੈ ਕੇ
ਕਿਸ ਦਾ ਦਰ ਖੜਕਾਈਏ
ਮੈਨੂੰ ਕਤਲ ਕਰਨ ਨੂੰ ਫਿਰਦਾ
ਮੇਰਾ ਹੀ ਪਰਛਾਵਾਂ
ਰੁੱਖ ਤਾਂ ਹੁੰਦੇ ਰੀਝ ਰੁੱਤਾਂ ਦੀ
ਰੁੱਤ ਦੀ ਖੈਰ ਮਨਾਈਏ
ਘਰਾਂ ਦੇ ਦੀਵੇ ਬੁੱਝ ਚੱਲੇ ਨੇ
ਹਵਾ ਦਾ ਰੁੱਖ ਪਲਟਾਈਏ
ਰੁੱਖ ਰੁੱਖਾਂ ਸੰਗ ਖਹਿ ਖਹਿ ਡਿਗਦੇ
ਜ਼ਖਮੀਂ ਹੋਈਆਂ ਛਾਵਾਂ
ਧੁੱਪ ਦੇ ਸੁਪਨੇ ਮਾਛੀਵਾੜੇ
ਸੂਲਾਂ ਸੇਜ ਹੰਢਾਉਂਦੇ
ਧੁੱਪ ਦੇ ਸੁਪਨੇ ਨੀਹਾਂ ਵਿੱਚ ਵੀ
ਰੱਬ ਦਾ ਸ਼ੁਕਰ ਮਨਾਉਂਦੇ
ਸਭਰਾਵਾਂ ਦੀ ਚੀਕ ਬੁਲਬੁਲੀ
ਕਿੰਨੀ ਵਾਰ ਦੁਹਰਾਵਾਂ
ਨੈਣਾਂ ਵਿੱਚੋਂ ਪਾਣੀ ਸੁੱਕਗੇ
ਬੁੱਲਾਂ ਵਿੱਚੋਂ ਹਾਸੇ
ਮਨ ਦਾ ਮਾਨ ਸਰੋਵਰ ਸੁੱਕਿਆ
ਜਾਵਣ ਹੰਸ ਪਿਆਸੇ
ਆਪਣੇ ਘਰ ਵਿੱਚ ਰਹਿੰਦਾ ਹੋਇਆ
ਮੈਂ ਹੋ ਗਿਆ ਨਿਥਾਵਾਂ
ਆਪਣੇ ਲੜ ਲੜ ਮੁੱਕ ਚੱਲੇ ਨੇ
ਸੱਖਣੀਆਂ ਹੋਈਆਂ ਮਾਵਾਂ
ਜ਼ਾਤ ਸ਼ਾਇਰ ਦੀ ਪਾਕ ਮੁਹੱਬਤ
ਕਿਹੜਾ ਧਰਮ ਲਿਖਾਵਾਂ
ਅੱਗ ਖਾਧਿਆਂ ਅੱਗ ਨਹੀਂ ਬੁੱਝਦੀ
ਕਿਸ ਕਿਸ ਨੂੰ ਸਮਝਾਵਾਂ
ਸੱਜਣ ਮੈਂ ਕਿਸ ਕਿਸ ਨੂੰ ਗਲ ਲਾਵਾਂ