ਰੂਹ ਦੀਆਂ ਪੀੜਾਂ ਯਾਰੋ ਕੇਹੜਾ ਜਾਣਦੈ
ਸੱਧਰਾਂ ਦੀ ਸੇਜ ਸੁੰਨੀ ਕੇਹੜਾ ਮਾਣਦੈ
ਅਸੀਂ ਉਹ ਜੁਆਨੀ ਜੇਹੜੀ ਕਦੇ ਆਈ ਨਾ
ਅਸੀਂ ਉਹ ਕਹਾਣੀ ਜੇਹੜੀ ਕਿਸੇ ਪਾਈ ਨਾ
ਅਸੀਂ ਉਹ ਬਹਾਰਾਂ ਜਿਨੂੰ ਫੁੱਲਾਂ ਲੁੱਟਿਆ
ਕੰਡਿਆਂ ਦੀ ਪੀੜ ਨੂੰ ਨਾ ਕਿਸੇ ਪੁੱਛਿਐ
ਅਸੀਂ ਉਹ ਹਵਾਵਾਂ ਜਿਨੂੰ ਛਾਵਾਂ ਸਾੜਿਐ
ਅਸੀਂ ਉਹ ਘਟਾਵਾਂ ਜਿਨੂੰ ਪਾਣੀ ਮਾਰਿਐ
ਫੁੱਲ ਜੇਹੜੇ ਖਿੜਨੇ ਤੋਂ ਪਹਿਲਾਂ ਟੁੱਟ ਗਏ
ਸਫਰ ਜੇਹੜੇ ਤੁਰਨੇ ਤੋਂ ਪਹਿਲਾਂ ਮੁੱਕ ਗਏ
ਅਸੀਂ ਤਕਦੀਰ ਜੇਹੜੀ ਕਿਸੇ ਲਿਖੀ ਨਾ
ਅਸੀਂ ਉਹ ਜ਼ੁਬਾਨ ਜੇਹੜੀ ਕਿਸੇ ਸਿਖੀ ਨਾ
ਸਾਡੀਆਂ ਕਹਾਣੀਆਂ ਦੇ ਨਾਇਕ ਕੋਈ ਨਾ
ਸਾਡੀਆਂ ਜੁਆਨੀਆਂ ਦੇ ਲਾਇਕ ਕੋਈ ਨਾ
ਕੋਈ ਵੀ ਨਾ ਅੱਖਰ ਸਾਡੀ ਲਿਪੀ ਜਾਣਦੇ
ਕੋਈ ਵੀ ਨਾ ਸ਼ਬਦ ਸਾਡੇ ਅਰਥ ਮਾਣਦੇ
ਕੋਈ ਸੰਵਿਧਾਨ ਸਾਡੀ ਗੱਲ ਨਾ ਕਰੇ
ਕੋਈ ਵੀ ਕਾਨੂੰਨ ਸਾਡੀ ਹਾਮੀ ਨਾ ਭਰੇ
ਗਮ ਵੀ ਨਾ ਹੋਇਆ ਕਦੀ ਸਾਡੇ ਹਾਣ ਦਾ
ਮੌਤ ਨਾਲੋਂ ਗੂੜਾ ਰੰਗ ਸਾਡੀ ਮੁਸਕਾਨ ਦਾ
ਅਸੀਂ ਉਹ ਲਕੀਰ ਜੇਹੜੀ ਦੇਸ਼ ਵੰਡਦੀ
ਦੋਹਾਂ ਦਿਆਂ ਸੀਨਿਆਂ ਨੂੰ ਚੀਰ ਲੰਘਦੀ
ਅੱਖਾਂ ਵਿੱਚ ਅੱਥਰੂ ਤੇ ਮੂੰਹਾਂ ਤੇ ਵੀਰਾਨੀਆਂ
ਸਮੇਂ ਦੀਆਂ ਪੀੜਾਂ ਸਾਥੋਂ ਸਹੀਆਂ ਨਹੀਂਓ ਜਾਣੀਆਂ
ਮਰਨੇ ਤੋਂ ਪਹਿਲਾਂ ਸਾਨੂੰ ਜਿੰਦ ਮਾਰਿਆ।
ਵਧੀਕੀਆਂ ਦੀ ਅੱਗ ਸਾਨੂੰ ਰੋਜ ਸਾੜਿਆ।
ਰੋਏ ਜਦੋਂ ਅੰਬਰਾਂ ਦੇ ਗਲ ਲੱਗ ਕੇ
ਟੁੱਟਿਆਂ ਕੋਈ ਤਾਰਾ ਸਾਡੇ ਸੀਨੇ ਵੱਜ ਕੇ।
ਅੰਬਰਾਂ ਤੇ ਕੰਮ ਕੀ ਯਤੀਮ ਆਣਦਾ।
ਦੇਖਿਆ ਤਮਾਸ਼ਾ ਯਾਰਾਂ ਜਾਂਦੀ ਜਾਨ ਦਾ
ਰੂਹ ਦੀਆਂ ਪੀੜਾਂ ਯਾਰੋ ਕੇਹੜਾ ਜਾਣਦੈ।
ਸਧਰਾਂ ਦੀ ਸੇਜ ਸੁੰਨੀ ਕੇਹੜਾ ਮਾਣਦੈ।