ਸਾਡੇ-ਬੇਗਾਨੇ

ਬੇਗਾਨੇ ਓਦੋਂ ਵੀ ਸਾਡੇ ਸੀਨਿਆਂ ’ਚ

ਗੋਲ਼ੀਆਂ ਵਿੰਨ੍ਹਦੇ ਰਹੇ 

ਸਾਡੇ ਓਦੋਂ ਵੀ ਭਰਮਾਉਂਦੇ ਰਹੇ 

ਤੇ ਚਰਖੇ ਕੱਤਦੇ ਰਹੇ ! 

ਬੇਗਾਨੇ ਉਦੋਂ ਵੀ ਥੱਪੜ ਮਾਰਦੇ ਰਹੇ 

ਸਾਡੇ ਓਦੋਂ ਵੀ ਹਾਉਕੇ ਭਰਦੇ ਰਹੇ 

ਤੇ ਦੂਜੀ ਗੱਲ੍ਹ ਪੇਸ਼ ਕਰਦੇ ਰਹੇ ! 

ਪਰ, ਉਹ ਸੰਪੂਰਨ ਸਾਡੇ ਨਿਬੜੇ

ਨੋਟਾਂ ਤੇ ਆਣ ਛਪੇ 

ਤੇ ਹੱਥੋ-ਹੱਥੀ ਵਿਕੇ ! 

ਤੇ ਆਖਰ ਫਾਂਸੀ ਲਟਕੇ ਜੁਝਾਰੂ 

ਧੂੜ ਵਿੱਚ ਦੱਬੀ ਕਿਤਾਬ ਚ ਗੁਆਚ ਗਏ ! 

ਬੇਗਾਨੇ ਅੱਜ ਵੀ 

ਸਾਡੇ ਸੀਨਿਆਂ ਚ ਗੋਲ਼ੀਆਂ ਵਿੰਨ੍ਹਦੇ ਨੇ 

ਤੇ ਸਾਡੇ ਮੋਮਨ ਅੱਜ ਵੀ 

ਕਈ ਕਿੱਲੋ ਮੋਮਬੱਤੀਆਂ ਫੂਕ ਕੇ 

ਗਲੋਬਲ ਵਾਰਮਿੰਗ ਚ’ ਵਾਧਾ ਕਰਦੇ 

ਦੋਨੋ ਹੱਥ ਜੋੜ ਸਾਹਮਣੇ ਖੜ੍ਹਦੇ 

ਤੇ ਲੋਕ ਅਗਲੀ ਸਵੇਰ 

ਕਿਸੇ ਅਖਬਾਰ ਦੀ ਸੁਰਖ਼ੀ ਚ’

ਜਾਂ ਸੋਸ਼ਲ ਮੀਡੀਆ ਦੇ ਪੜ੍ਹਦੇ 

ਖੁੰਢ ਚਰਚਾ ਕਰਦੇ, ਘੰਧੇੜੀਂ ਚੜ੍ਹਦੇ 

ਬੇਗਾਨਿਆਂ ਨੂੰ ਆਪਣਿਆਂ ਚ’ ਖੜ੍ਹਾ ਕਰਦੇ 

ਤੇ ਰਲ ਕੇ ਕੋਈ ਨਵਾਂ ਮਨਸੂਬਾ ਘੜਦੇ 

ਬੇਗਾਨੇ ਅੱਜ ਵੀ ਸਾਨੂੰ 

ਉਸੇ ਪੱਲੜੇ ਧਰਦੇ ! 

📝 ਸੋਧ ਲਈ ਭੇਜੋ