ਸਾਕਾ ਸਰਹਿੰਦ

(1)

ਵਿਛੜੇ ਸਰਸਾ ਤੇ ਦਾਦੀ ਸੰਗ ਤੁਰੇ ਜਾਂਦੇ

ਜੋਰਾਵਰ ਸਿੰਘ ਫਤਿਹ ਸਿੰਘ ਲਾਲ ਦੋਵੇਂ।

ਸਾਡੇ ਪਿਤਾ ਜੀ ਕਿਤੇ ਨਹੀਂ ਨਜਰ ਆਉਂਦੇ

ਦਾਦੀ ਮਾਂ ਨੂੰ ਪੁੱਛਣ ਸਵਾਲ ਦੋਵੇਂ।

ਵੀਰੇ ਗਏ ਅਜੀਤ ਜੁਝਾਰ ਕਿਥੇ

ਕਿਉਂ ਆਏ ਨਹੀ ਸਾਡੇ ਉਹ ਨਾਲ ਦੋਵੇਂ।

ਕਦੋਂ ਮਿਲਾਂਗੇ ਬੇਬੇ ਨੂੰ ਅਸੀਂ ਜਾਕੇ

ਪੁੱਛਦੇ ਜਾਂਦੇ ਸੀ ਨੌਨਿਹਾਲ ਦੋਵੇਂ।

ਮਿਲ ਪਿਆ ਰਸੋਈਆ ਸੀ ਗੰਗੂ ਅੱਗੇ,

ਸਹੇੜੀ ਲੈ ਗਿਆ ਦਾਦੀ ਤੇ ਬਾਲ ਦੋਵੇਂ।

(2)

ਮਨ ਬਦਲਿਆ ਮਾਇਆ ਨੂੰ ਵੇਖਕੇ ਸੀ,

ਲਾਲਚ ਵਿੱਚ ਦਗਾ ਕਮਾਇਆ ਗੰਗੂ

ਜਾਕੇ ਵਿੱਚ ਮੋਰਿੰਡੇ ਸਿਕਾਇਤ ਕੀਤੀ,

ਜਾਨੀ ,ਮਾਨੀ ਖਾਂ ਨਾਲ ਲਿਆਇਆ ਗੰਗੂ।

ਮਾਤਾ ਗੁਜਰੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ,

ਘਰੋਂ ਆਪ ਗ੍ਰਿਫਤਾਰ ਕਰਵਾਇਆ ਗੰਗੂ।

ਧੋਖਾ ਕੀਤਾ ਗੁਰੂ ਘਰ ਨਮਕ ਖਾਕੇ,

ਇਨਾਮ ਮੁਗਲ ਸਰਕਾਰ ਤੋਂ ਪਾਇਆ ਗੰਗੂ।

(3)

ਰਾਤ ਰੱਖ ਮੋਰਿੰਡੇ ਵਿੱਚ ਕੋਤਵਾਲੀ,

ਫੇਰ ਤਿੰਨੇ ਸਰਹੰਦ ਪਹੁੰਚਾ ਦਿੱਤੇ।

ਹੁਣ ਇਨ੍ਹਾਂ ਨੂੰ ਈਨ ਮਨਾਉਗਾ ਮੈ,

ਵਜ਼ੀਰ ਖਾਂ ਨੇ ਹੁਕਮ ਸੁਣਾ ਦਿੱਤੇ।

ਬੁਲਾਏ ਵਿੱਚ ਕਚਹਿਰੀ ਦੇ ਲਾਲ ਦੋਵੇਂ,

ਗੁਰੂ ਲਾਲਾਂ ਜੈਕਾਰੇਂ ਲਾ ਦਿੱਤੇ।

ਕੰਬ ਗਏ ਦਰਬਾਰੀ ਵੇਖ ਹੌਂਸਲੇ ਸੀ ,

ਸੂਬੇਦਾਰ ਦੇ ਹੋਸ ਉਡਾ ਦਿੱਤੇ

(4)

ਸੂਬੇਦਾਰ ਫੇਰ ਦੋਵਾਂ ਬੱਚਿਆਂ ਨੂੰ

ਵੱਡੇ ਲਾਲਚਾਂ ਨਾਲ ਅਜਮਾਉਣ ਲੱਗਾ

ਈਨ ਮੰਨ ਜਾਵਣ ਕਿਸੇ ਤਰ੍ਹਾਂ ਬੱਚੇ

ਜਿੰਨੇ ਲੱਗਦੇ ਸੀ ਜੋਰ ਲਗਾਉਣ ਲੱਗਾ

ਕਲਮਾਂ ਪੜੋ ਨਹੀ ਸਜਾ ਪਉ ਸਹਿਣੀ

ਡਰਾਵੇ ਮੌਤ ਦੇ ਦੇਕੇ ਧਮਕਾਉਣ ਲੱਗਾ

ਐਮ,ਏ ਪਾਪੀ ਹੰਕਾਰ ਵਿੱਚ ਹੋ ਅੰਨਾ

ਗੁਰੂ ਲਾਲਾਂ ਤੇ ਕਹਿਰ ਕਮਾਉਣ ਲੱਗਾ।

(5)

ਸਰਹੰਦ ਦੀ ਧਰਤੀ ਤੇ ਕਹਿਰ ਹੋਇਆ

ਸਿਦਕ ਲਾਲਾਂ ਪਰਖਿਆ ਗਿਆ ਉਥੇ

ਵਜ਼ੀਰ ਖਾਂ ਨੇ ਪੂਰਾ ਸੀ ਜ਼ੋਰ ਲਾਇਆ

ਫ਼ਰਕ ਲਾਲਾਂ ਵਿੱਚ ਰਤਾ ਨਾ ਪਿਆ ਉਥੇ

ਲਾਲ ਗੁਰੂ ਦੇ ਧਰਮ ਤੋਂ ਨਹੀਂ ਡੋਲੇ

ਕਸ਼ਟ ਹਰ ਇੱਕ ਉਨ੍ਹਾਂ ਸੀ ਸਿਹਾ ਉਥੇ

ਐਮ,ਏ ਨੀਹਾਂ ਵਿੱਚ ਆਪਾ ਚਿਣਵਾ ਕੇ ਵੀ

ਸਾਹਿਬਜ਼ਾਦਿਆਂ ਸੀਅ ਨਾ ਕਿਹਾ ਉਥੇ

📝 ਸੋਧ ਲਈ ਭੇਜੋ