ਟੁੱਟੀ ਮਟਕੀ ਸੂਹੇ ਰੰਗਾਂ ਦੀ, ਵਟ ਗਿਆ ਰੰਗ ਬਨੇਰੇ ਦਾ।
ਛੱਡ ਰਾਤਾਂ ਦੀਆਂ ਰੁਬਾਈਆਂ ਨੂੰ ,ਸਫ਼ਾ ਪੜ੍ਹੀਏ ਸੁਰਖ਼ ਸਵੇਰੇ ਦਾ।
ਹੋਇਆ ਕੀ ਜੇ ਕਾਲ਼ੇ ਕੁੱਕੜਾਂ ਨੇ ? ਅਰਸ਼ਾਂ ਦੇ ਮੋਤੀ ਚੁਗ ਲਏ।
ਸੋਗ ਛੱਡ ਕੇ ਛੁਪੇ-ਛੁਪਾਤਿਆਂ ਦਾ,ਮੁੱਖ ਚੁੰਮ ਸਰਘੀ ਦੇ ਚਿਹਰੇ ਦਾ।
ਬੁੱਢੇ ਚੰਨ ਦੇ ਮੁੱਖੜੇ 'ਚੋਂ ਕਦ ਤੱਕ ਤੂੰ ਮੁੱਖੜੇ ਲੱਭੇਂਗਾ,
ਆ ਗੀਤ ਗਾਈਏ ਹੁਣ ਦੀਵੇ ਦਾ, ਕਿਸੇ ਜੁਗਨੂੰ ਦੇ ਪਰ ਫੁਟੇਰੇ ਦਾ।
ਇਕ ਤਵੇ 'ਤੇ ਪੱਕਦੀ ਰੋਟੀ ਦੀ, ਜੇ ਚਹੁ ਜੀਆਂ ਵਿੱਚ ਸਾਂਝ ਨਹੀਂ,
ਕੀ ਕਰਨਾ ਸਾਂਝੇ ਚੁੱਲ੍ਹਿਆਂ ਦਾ ? ਕੀ ਕਰਨਾ ਸਾਂਝੇ ਵਿਹੜੇ ਦਾ?