ਸਾਜ਼ਿਸ਼ਾਂ ਦੇ ਦੌਰ ਅੰਦਰ ਹਾਦਸੇ ਤਾਂ ਹੋਣਗੇ
ਹੋਣਗੇ ਬੇਆਸਰੇ ਸਭ, ਆਸਰੇ ਤਾਂ ਹੋਣਗੇ
ਚੀਕਦੇ ਸ਼ਬਦਾਂ ’ਚੋਂ ਪਰਤੇ ਜੋ ਗੁਆ ਕੇ ਆਬਰੂ
ਅਰਥ ਮੇਰੀ ਚੁੱਪ ਦੇ ਉਹ ਭਾਲਦੇ ਤਾਂ ਹੋਣਗੇ
ਪਾਰਦਰਸ਼ੀ ਇਸ਼ਕ ਮੇਰੇ ਤੋਂ ਖ਼ਫ਼ਾ ਜੋ ਲੋਕ ਨੇ
ਕੱਚ ਦਾ ਸਾਮਾਨ ਘਰ ਉਹ ਵਰਤਦੇ ਤਾਂ ਹੋਣਗੇ
ਹਰਫ਼ ਜੋ ਮੇਰੀ ਕਥਾ ਦੇ ਹਾਣ ਦੇ ਨਾ ਹੋ ਸਕੇ
ਬੇਵਜ੍ਹਾ ਮੈਨੂੰ ਬੜਾ ਉਹ ਕੋਸਦੇ ਤਾਂ ਹੋਣਗੇ
ਹੁਣ ਦਿਮਾਗ਼ਾਂ ਦਾ ਚੁਫ਼ੇਰੇ ਬੋਲਬਾਲਾ ਹੋ ਗਿਆ
ਉਂਝ ਹਾਲੇ ਵੀ ਦਿਲਾਂ ਦੇ ਮਾਮਲੇ ਤਾਂ ਹੋਣਗੇ
ਚੱਲ ‘ਅਮਰ’ ਏਥੇ ਤਾਂ ਬੁੱਧੀਜੀਵੀਆਂ ਦੀ ਲੋੜ ਹੈ
ਲੱਭੀਏ ਦੋ—ਚਾਰ ਕਿਧਰੇ ਸਿਰਫਿਰੇ ਤਾਂ ਹੋਣਗੇ