ਸਭ ਦੇ ਨਾਲ਼ ਤੇ ਉਹਦੀ ਗਲ ਨਹੀਂ ਹੋ ਸਕਦੀ।
ਜਿਸਦੀ ਯਾਦ ਤੋਂ ਵੱਖਰੀ ਪਲ ਨਹੀਂ ਹੋ ਸਕਦੀ
ਅੱਜ ਈ ਕਰਾਂਗੀ ਫ਼ੋਨ ਤੇ ਆਖਾਂਗੀ,
ਤੇਰੇ ਬਾਹਝੋਂ ਮੇਰੀ ਕੱਲ੍ਹ ਨਹੀਂ ਹੋ ਸਕਦੀ।
ਪਹਿਲੇ ਦਿਨ ਜੋ ਬੁੱਲ੍ਹੀਆਂ ਉੱਤੇ ਨਹੀਂ ਆਉਂਦੀ,
ਫ਼ਿਰ ਉਹ ਗੱਲ ਤੇ ਕਿਸੇ ਵੀ ਪਲ ਨਹੀਂ ਹੋ ਸਕਦੀ।
ਕੌਲ ਨਿਭਾਵਣ ਆਈ ਨੂੰ ਏਨਾ ਦੱਸ ਦੇ,
ਕਿਉਂ ਵਿਚਕਾਰ ਦੀ ਮੁਸ਼ਕਿਲ ਹੱਲ ਨਹੀਂ ਹੋ ਸਕਦੀ?
ਇਸ਼ਕ ਦੇ ਵੈਦ ਨੇ ਵਹਿੰਦੀਆਂ ਨਾਲ਼ ਈ ਕਹਿ ਦਿੱਤਾ,
ਤੂੰ ਹੁਣ ਕਿਸੇ ਦਵਾ ਨਾਲ਼ ਵੱਲ ਨਹੀਂ ਹੋ ਸਕਦੀ।
ਸਾਹਵਾਂ ਅੰਦਰ ਵਸਣ ਵਾਲਿਆ ਯਾਦ ਰਹਵੇ,
ਤੇਰੀ ਦੂਰੀ ਮੈਥੋਂ ਝੱਲ ਨਹੀਂ ਹੋ ਸਕਦੀ।
ਦਿਲ ਦੇ ਵਿਹੜੇ ਫੁੱਲ ਖਿੱੜੇ ਨੇਂ ਯਾਦਾਂ ਦੇ,
ਆਸਾਂ ਭਰੀ ਹਯਾਤੀ ਥੱਲ ਨਹੀਂ ਹੋ ਸਕਦੀ।
ਸੱਦਫ਼ ਚੋਂ ਮੋਤੀ ਲੱਭਣ ਵਾਲਿਓ ਸੋਚ ਲਵੋ,
ਅੱਖ ਚੋਂ ਨਿਕਲੀ ਅੱਥਰ ਛੱਲ ਨਹੀਂ ਹੋ ਸਕਦੀ।