ਲਿਤਾੜ ਕੇ ਨਈਂ ਵੱਡੇ ਹੋਏ,ਸੰਵਾਰ ਕੇ ਨੇ ਅੱਗੇ ਹੋਏ
ਓਹਨਾਂ ਜਿਹਾ ਕੌਣ,ਜੋ ਪਿਆਰ ਕੇ ਨੇ ਅੱਗੇ ਹੋਏ?
ਰਹੇ ਕਮਲ਼ੇ ਸਦਾਓਂਦੇ,ਕਦੇ ਕਾਮਲ ਸੀ ਆਪ ਨੂੰ
ਤਾਰਿਆਂ ਤੋਂ ਪਾਰ ਲੈ'ਜਾ,ਦੀਵਿਆਂ ਦੀ ਲਾਟ ਨੂੰ।
ਝਨਾ ਵਾਂਗੂੰ ਕਰ ਚੌੜੇ, ਘੁੱਟੇ ਹੋਏ ਜਜ਼ਬੇ
ਰਾਵੀ ਵੱਤ ਰੱਖ ਉੱਚੇ, ਖ਼ਿਆਲ ਖ਼ਰੇ ਵਗਦੇ
ਗੰਗਾ ਵਾਂਗੂੰ ਕੰਠ ਰੱਖੀਂ, ਰਿਸ਼ੀਆਂ ਦੇ ਜਾਪ ਨੂੰ
ਤਾਰਿਆਂ ਤੋਂ ਪਾਰ ਲੈ'ਜਾ,ਦੀਵਿਆਂ ਦੀ ਲਾਟ ਨੂੰ।
ਪੀ ਕੇ ਊਠਣੀ ਦਾ ਦੁੱਧ,ਲਾਇਆ ਢਾਸਣਾ ਕਹਾਰ ਦਾ
ਭੇਡਾਂ ਚੁੰਘ ਵੈਰੀ, ਤੈਂਨੂੰ, ਫਿਰਦਾ ਵੰਗਾਰਦਾ
ਸੂਰਜਾਂ ਦੇ ਪੁੱਤਾ ਵੇ ਤੂੰ, ਅੱਗ 'ਲਾ ਦੇ ਲਾਖ਼ ਨੂੰ
ਤਾਰਿਆਂ ਤੋਂ ਪਾਰ ਲੈ'ਜਾ, ਦੀਵਿਆਂ ਦੀ ਲਾਟ ਨੂੰ।
ਸੋਚ-ਸੁਪਨੇ ‘ਚ ਰੁੱਕਾ ਆਇਆ ਸੱਚੀ ਸਰਕਾਰ ਦਾ
ਦਿੱਤਾ ਬਦਲ ਅਕੀਦਾ ਤੁਸਾਂ, ਤੇਗ, ਦਸਤਾਰ ਦਾ
ਹੁਣ ਖੰਡੇ ਤੋਂ ਮਿਟਾਓਣ ਲੱਗੇ, ਗੈਰਤਾਂ ਦੀ ਛਾਪ ਨੂੰ
ਤਾਰਿਆਂ ਤੋਂ ਪਾਰ ਲੈ 'ਜਾ, ਦੀਵਿਆਂ ਦੀ ਲਾਟ ਨੂੰ।