ਸਾਡਾ ਚਿੜੀਆਂ ਦਾ ਚੰਬਾ ਵੇ ਅੰਮੜੀ ਤੈਨੂੰ ਅਰਜ਼ ਕਰੇ
ਸਾਡੇ ਸਰਵਣ ਵੀਰਾਂ ਤੇ ਕਿੱਦਾਂ ਦੇ ਕਹਿਰ ਚੜ੍ਹੇ
ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਤੈਨੂੰ ਅਰਜ਼ ਕਰੇ
ਕੋਈ ਵੱਢ ਕੇ ਅੰਬਾਂ ਨੂੰ ਅੱਕਾਂ ਦੀ ਨਾ ਵਾੜ ਕਰੇ
ਸਾਡਾ ਚਿੜੀਆਂ ਦਾ ਚੰਬਾ ਵੇ ਵੀਰਾ ਤੇਰੀ ਮਿੰਨਤ ਕਰੇ
ਕੋਈ ਪੁੱਤਰ ਪਾਣੀ ਦਾ ਪਾਣੀ ਨਾ ਕਤਲ ਕਰੇ
ਸਾਡਾ ਚਿੜੀਆਂ ਦਾ ਚੰਬਾ ਵੇ ਅਗਨੀ ਤੇਰੀ ਮਿੰਨਤ ਕਰੇ
ਕਿਸੇ ਮਾਂ ਦਾ ਸੁਪਨਾ ਨਾ ਸਿਵਿਆਂ ਵਿਚ ਰੋਜ਼ ਸੜੇ
ਸਾਡਾ ਚਿੜੀਆਂ ਦਾ ਚੰਬਾ ਵੇ ਰੁੱਤੇ ਤੈਨੂੰ ਅਰਜ਼ ਕਰੇ
ਫੁੱਲ ਚੰਬੇ ਮਰੂਏ ਦੇ ਨਾਗਾਂ ਦੀ ਨਾ ਜ਼ਹਿਰ ਚੜ੍ਹੇ
ਸਾਡਾ ਚਿੜੀਆਂ ਦਾ ਚੰਬਾ ਵੇ ਜੰਗਲ ਤੈਨੂੰ ਅਰਜ਼ ਕਰੇ
ਰੁੱਖ ਵਾਂਗ ਭਰਾਵਾਂ ਦੇ ਰਹਿਣ ਰੁੱਖ ਹਰੇ ਭਰੇ
ਸਾਡਾ ਚਿੜੀਆਂ ਦਾ ਚੰਬਾ ਵੇ ਧੀਏ ਤੈਨੂੰ ਅਰਜ਼ ਕਰੇ
ਮਾਵਾਂ ਢਲਦੀਆਂ ਛਾਵਾਂ ਨੇ ਧੀਏ ਤੇਰੇ ਫਰਜ਼ ਬੜੇ
ਸਾਡਾ ਚਿੜੀਆਂ ਦਾ ਚੰਬਾ ਵੇ ਅੰਬਰ ਤੈਨੂੰ ਅਰਜ਼ ਕਰੇ
ਬਹੁੰ ਤਾਰੇ ਟੁੱਟ ਗਏ ਨੇ ਕੱਲਾ ਚੰਨ ਕਿੰਝ ਚੜ੍ਹੇ
ਸਾਡਾ ਚਿੜੀਆਂ ਦਾ ਚੰਬਾ ਵੇ ਧਰਤੀ ਤੈਨੂੰ ਅਰਜ਼ ਕਰੇ
ਮਿੱਟੀ ਵੀ ਤੜਪ ਰਹੀ ਮਿੱਟੀ ਬੜੇ ਕਹਿਰ ਜਰੇ
ਸਾਡਾ ਚਿੜੀਆਂ ਦਾ ਚੰਬਾ ਵੇ ਚੰਨਾ ਤੇਰੀ ਮਿੰਨਤ ਕਰੇ
ਇਹ ਬਾਗ ਬਹਿਸ਼ਤਾਂ ਦਾ ਹਾੜਾ ਨਾ ਰੁੱਖ ਸੜੇ
ਸਾਡਾ ਚਿੜੀਆਂ ਦਾ ਚੰਬਾ ਵੇ ਲੋਕਾ ਤੇਰੀ ਮਿੰਨਤ ਕਰੇ
ਛੰਭ ਮੋਹ ਦੇ ਸੁੱਕ ਚੱਲੇ ਕੂੰਜ ਕਿੱਥੇ ਚੁੰਝ ਭਰੇ
ਸਾਡਾ ਚਿੜੀਆਂ ਦਾ ਚੰਬਾ ਵੇ ਸਾਊਆ ਤੈਨੂੰ ਅਰਜ਼ ਕਰੇ
ਕੋਈ ਪਿੰਡ ਤਾਂ ਰਹਿ ਜਾਵੇ ਜਿੱਥੋਂ ਕੋਈ ਜੰਝ ਚੜ੍ਹੇ
ਸਾਡਾ ਚਿੜੀਆਂ ਦਾ ਚੰਬਾ ਵੇ ਸ਼ੇਰਾ ਤੇਰੀ ਮਿੰਨਤ ਕਰੇ
ਤੇਰੀ ਜੂਹ ਵਿਚ ਰਹਿ ਕੇ ਵੀ ਹਿਰਨਾਂ ਦੀ ਨਾ ਡਾਰ ਡਰੇ
ਸਾਡਾ ਚਿੜੀਆਂ ਦਾ ਚੰਬਾ ਵੇ ਪੀਰਾ ਤੈਨੂੰ ਅਰਜ਼ ਕਰੇ
ਪਿੰਡ ਰਹਿਣ ਸਲਾਮਤ ਵੇ ਹਾੜ੍ਹਾ ! ਰੱਬ ਖੈਰ ਕਰੇ
ਸਾਡਾ ਚਿੜੀਆਂ ਦਾ ਚੰਬਾ ਵੇ ਰਾਤੇ ਤੈਨੂੰ ਅਰਜ਼ ਕਰੇ
ਚੰਨ ਆਪਣੇ ਚਾਨਣ ਦਾ ਸਰਘੀ ਸਿਰ ਤਾਜ ਧਰੇ