ਸਾਡਾ ਟੁੱਟਿਆ ਵਸਾਹ

ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ 

ਸਾਡੀ ਸ਼ੁਰੂ ਤੋਂ ਲੜਾਈ ਹੈ ਹਨੇਰਿਆਂ ਦੇ ਨਾਲ

ਛੱਡ ਮਹਿਲਾਂ ਵਾਲੇ ਸੁੱਖ 

ਸਹੇ ਜੋਗ ਵਾਲੇ ਦੁੱਖ

ਡੂੰਘੀ ਪੀੜ ਹੈ ਹੰਢਾਈ ਸੁੰਨੇ ਡੇਰਿਆਂ ਦੇ ਨਾਲ 

ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ

ਜਿਹੜੇ ਕਿਲਿਆਂ ਦੇ ਜਾਏ

ਸਾਨੂੰ ਕਦੀ ਵੀ ਨਾ ਭਾਏ

ਮੋਹ ਗੜ੍ਹੀ ਦਿਆਂ ਕੱਚਿਆਂ ਬਨੇਰਿਆਂ ਦੇ 

ਨਾਲ ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ

ਮੁੱਲ ਸਿਰਾਂ ਦੇ ਪੁਆਏ

ਬੰਨੇ ਜਾਂਦੇ ਵੀ ਛੁਡਾਏ

ਵਾਹ ਸ਼ੁਰੂ ਤੋਂ ਹੀ ਪਿਆ ਹੈ ਲੁਟੇਰਿਆਂ ਦੇ ਨਾਲ 

ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ

ਵੱਡੇ ਤਖਤਾਂ ਦੇ ਵਾਲੀ 

ਸਾਡੇ ਦਰ ਤੇ ਸੁਆਲੀ

ਅਸੀਂ ਇੰਝ ਵੀ ਨਿਭਾਈ ਹੈ ਬਥੇਰਿਆਂ ਦੇ ਨਾਲ 

ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ

ਅਸੀਂ ਮਿਰਜ਼ੇ ਦੀ ਪੀੜ

ਭਾਵੇਂ ਟੁੱਟ ਜਾਣ ਤੀਰ

ਲੜੇ ਖਾਲੀ ਹੱਥ ਮੌਤ ਦੇ ਥਪੇੜਿਆਂ ਦੇ ਨਾਲ 

ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ

ਅਸੀਂ ਰਾਂਝਣੇ ਦੇ ਵੀਰ

ਹੋਈਏ ਹੀਰ ਲਈ ਫਕੀਰ

ਰੱਖੀ ਖਿੱਚ ਕੇ ਲਕੀਰ ਪਰ ਖੇੜਿਆਂ ਦੇ ਨਾਲ

ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ 

ਸਦਾ ਸੱਚ ਦੀ ਲੜਾਈ

ਸਦਾ ਹੱਕ ਦੀ ਲੜਾਈ

ਜਿੰਦ ਵਾਰ ਕੇ ਨਿਭਾਈ ਵੱਡੇ ਜੇਰਿਆਂ ਦੇ ਨਾਲ 

ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ

ਸਾਨੂੰ ਗੁਰਾਂ ਨੇ ਸਿਖਾਇਆ

ਇਹੋ ਪਾਠ ਹੈ ਪੜ੍ਹਾਇਆ

ਰਹਿਣੈ ਅੰਗ ਸੰਗ ਸਦਾ ਕੱਚੇ ਵਿਹੜਿਆਂ ਦੇ ਨਾਲ 

ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ

ਅਸੀਂ ਚਾਨਣ ਦੇ ਜਾਏ

ਗਏ ਨੀਹਾਂ ਚਿਣਾਏ

ਕੇਹੜੇ ਵੇਲਿਆਂ ਦੇ ਜੂਝੇ ਕੇਹੜੇ ਕੇਹੜਿਆਂ ਦੇ ਨਾਲ 

ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ

ਸਾਡੀ ਮੋਰਾਂ ਸੰਗ ਯਾਰੀ

ਜੇਹੜੇ ਨਾਗਾਂ ਦੇ ਪੁਜਾਰੀ

ਸਾਡੀ ਕਦੇ ਵੀ ਨਾ ਨਿਭਣੀ ਸਪੇਰਿਆਂ ਦੇ ਨਾਲ 

ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ

ਮੈਲੇ ਮਨ ਦੇ ਮਲਾਹ

ਸਾਡਾ ਟੁੱਟਿਆ ਵਸਾਹ

ਸਾਂਝ ਰੱਖਣੀ ਨਾ ਹੁਣ ਐਸੇ ਬੇੜਿਆਂ ਦੇ ਨਾਲ 

ਅਸਾਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ

📝 ਸੋਧ ਲਈ ਭੇਜੋ