ਸਾਡੇ ਦੁੱਖਾਂ ਵਾਲੀ ਸੁਣ ਲੈ ਕਹਾਣੀ
ਦੁੱਖ ਸਾਨੂੰ ਨਿੱਤ ਡੱਸਦੇ
ਜੇਹੜੀ ਨਾਲ ਘੜੀ ਤੇਰੇ ਮਾਣੀ
ਉਹਦਾ ਸਾਨੂੰ ਮੁੱਲ ਦੱਸਦੇ
ਉਮਰਾਂ ਦਾ ਪਾਣੀ ਚੰਨਾ
ਲੱਕ ਲੱਕ ਆ ਗਿਆ
ਬੂਟੜਾ ਜਵਾਨੀ ਵਾਲਾ
ਜਾਪੇ ਕੁਮਲਾ ਗਿਆ
ਤੇਰੇ ਨਾਂ ਤੇ ਇੰਤਕਾਲ ਕੀਤੇ
ਬਾਕੀ ਜੇਹੜੇ ਦਿਨ ਬਚਦੇ
ਤਾਰਿਆਂ ਤੋਂ ਸੱਖਣੀ ਏਂ
ਜਿੰਦੜੀ ਦੀ ਰਾਤ ਵੇ
ਗੋਰੇ ਚਿੱਟੇ ਬਦਲਾਂ ਤੋਂ
ਕਾਹਦੀ ਬਰਸਾਤ ਵੇ
ਪਾਰਾ ਬਣਕੇ ਯਾਦਾਂ ਦੇ ਤਾਰੇ
ਹੱਡਾਂ ਵਿੱਚ ਜਾਣ ਰਚਦੇ
ਤੇਰੀਆਂ ਮੁਹੱਬਤਾਂ ਦਾ
ਬੂਟਾ ਜੋ ਸੀ ਪਾਲਿਆ
ਸਮੇਂ ਦੀ ਸਿਉਂਕ ਉਹਨੂੰ
ਜੜ੍ਹਾਂ ਤੋਂ ਹੀ ਖਾ ਲਿਆ
ਹੀਰੇ ਵਰਗੀ ਜਵਾਨੀ ਜਿਥੇ ਵਾਰੀ
ਨਿਕਲੇ ਉਹ ਨਗ ਕੱਚਦੇ
ਜਦ ਵੀ ਖਿਆਲ ਆਵੇ
ਤੇਰਿਆਂ ਕਰਾਰਾਂ ਦਾ
ਮਾਤਮੀ ਜਲੂਸ ਦਿੱਸੇ
ਬੀਤੀਆਂ ਬਹਾਰਾਂ ਦਾ
ਜੇਹੜੇ ਲਾਉਣਗੇ ਹਵਾ ਸੰਗ ਯਾਰੀ
ਅੱਗ ਵਾਂਗ ਰਹਿਣ ਮੱਚਦੇ
ਦੋਸਤੀ ਦੀ ਦਾਰੂ ਵਿੱਚ
ਨਸ਼ਾ ਨਿਰਾ ਸੋਗ ਦਾ
ਇਸ਼ਕੇ ਦਾ ਫੁੱਲ ਕਦੀ
ਉਮਰਾਂ ਨਹੀਂ ਭੋਗਦਾ
ਸਾਡੇ ਕਫ਼ਨ ਲਈ ਕੱਢ ਫੁਲਕਾਰੀ
ਫੁੱਲ ਪਾਕੇ ਬੀਤੇ ਸੱਚਦੇ
ਸਾਂਝਾਂ ਵਾਲਾ ਸਾਕ ਹੁੰਦਾ
ਵੰਗ ਨਹੀਂਉ ਕੱਚ ਦੀ
ਬਰਫਾਂ ਦੇ ਸੇਕ ਸੰਗ
ਅੱਗ ਨਹੀਂਉ ਮੱਚਦੀ
ਜੇਹੜੇ ਬੱਦਲਾਂ ਦੀ ਕਰਦੇ ਸਵਾਰੀ
ਉਹੀਓ ਬਣ ਪਾਣੀ ਵੱਸਦੇ
ਜੇਹੜੀ ਨਾਲ ਘੜੀ ਤੇਰੇ ਮਾਣੀ
ਉਹਦਾ ਸਾਨੂੰ ਮੁੱਲ ਦੱਸਦੇ
ਸਾਡੇ ਦੁੱਖਾਂ ਵਾਲੀ ਸੁਣ ਲੈ ਕਹਾਣੀ
ਦੁੱਖ ਸਾਨੂੰ ਨਿੱਤ ਡੱਸਦੇ