ਸਦੀ ਦੀ ਸੇਜ਼-1

ਗੰਗ ਭੱਟ ਅਕਬਰ ਦਰਬਾਰ ਹੋਇਆ, 'ਕਾਜ਼ੀ ਹੀਰ ਦਾ ਸੰਵਾਦ' ਰਚਾਉਂਦਾ ਏ ।

ਸ਼ਬਦ ਦਮੋਦਰ ਦੇ ਸਬ੍ਹਾ ਵਾਂਗ ਸੱਜਰੇ , ਪੋਥੀ 'ਪੁਸ਼ਯ' ਦੀ ਚੋ ਕੇ ਲਿਆਂਵਦਾ ਏ ।

ਸ਼ਾਹ ਜਹਾਨ ਮੁਕਬਲ ਮਕਬੂਲ ਹੋਇਆ, ਬੂਟਾ ਹੀਰ ਦੇ ਖਿਆਲ ਦਾ ਨਵਾਂ ਲਾਂਵਦਾ ਏ ।

ਦੁੱਧ ਕਾੜ੍ਹ ਕੇ ਮੁਕਬਲੇ ਦੀ ਕਾੜ੍ਹਨੀ ਦਾ, ਵਾਰਿਸ ਜਟਕਾ ਜਾਗ ਪਿਆ ਲਗਾਂਵਦਾ ਏ ।

ਪੀਲੂ ਰਿੜਕਦਾ ਰਮਜ਼ਾਂ ਦੀ ਭਰ ਚਾਟੀ, ਸੱਦਾਂ ਸ਼ੌਂਕ ਦੀਆਂ ਸਿਰਾ ਸੁਣਾਂਵਦਾ ਏ ।

ਚੰਦ ਸਿਆਲਕੋਟੀ ਸੀਹਰਫੀਆਂ ‘ਚ ਲਿਖੇ, ਛੱਜੂ ਮਿਰਜ਼ੇ ਨੂੰ ਬੋਲੀਆਂ ਚ ਗਾਂਵਦਾ ਏ ।

ਸਾਦਕ  ਅਰਬ 'ਚ ਨਸਰ ਹੋਇਆ, ਲੈਲਾ ਮਜਨੂੰ ਨੂੰ ਮਜਨੂੰ ਲੈਲਾ 'ਚ ਉਲਟਾਂਵਦਾ ਏ ।

ਨਾਨਕ ਨਬੀ ਨਾਮ ਬੜਾ ਨਸਰ ਹੋਇਆ, ਵਿੱਚ ਭੋਗ ਦੇ ਜੋਗ ਨੂੰ ਗਾਂਵਦਾ ਏ ।

ਸਾਵੀ ਸ਼ਪਰੀ ਤੇ ਸੂਹੇ ਸ਼ੁਖਨ ਸਾਦੇ, ਸ਼ਾਹ ਹੁਸੈਨ ਵੀ ਮਾਧੋ ਸਦਾਂਵਦਾ ਏ ।

ਬੂਹੇ ਬਹਿਸ਼ਤਾਂ ਦੇ ਬੈਠ ਸੁਲਤਾਨ ਬਾਹੂ, ਤਾਮੇ ਧਰਮ ਦੇ  ਮਜ਼ੇ ਨਾਲ ਖਾਂਵਦਾ ਏ ।

ਕਾਫ਼ ਕਾਦਰਯਾਰ ਪੂਰਨ ਕਲਾਮ ਆਖੇ, ਜੋਗ ਮਤ ਨੂੰ ਬੂਹੇ ਬਹਾਂਵਦਾ ਏ ।

ਸੋਲਾਂ ਸਾਲ ਦੀ ਲੂਣਾ ਦੇ ਗਾ ਸੋਹਿਲੇ, ਸੋਲਾਂ ਦਿਨਾਂ 'ਚ ਕਿੱਸਾ ਬਣਾਂਵਦਾ ਏ ।

ਰੌਸ਼ਨਦੀਨ ਹੋਇਆ ਜੱਗ-ਜਹਾਨ ਰੌਸ਼ਨ, ਕਿੱਸਾ ਲਿਖ ਕੇ ਪਿੱਛੋਂ ਪਛਤਾਂਵਦਾ ਏ ।

ਮੁਹੰਮਦ ਬਖਸ਼ ਦੇ ਹੈਨ ਤੌਰ ਤਰੱਕੜੇ, ਚਿੱਠੀਆਂ ਕਵਿਤਾ ਦੇ ਵਿੱਚ ਪਾਂਵਦਾ ਏ ।

ਹਦਾਇਤਉਲਾ ਹੋਇਆ ਹੌਲ਼ਾ ਕਲਾਧਾਰੀ, ਚੜ੍ਹਦੇ ਚੇਤ ਨੂੰ ਅੰਬ ਪਕਾਂਵਦਾ ਏ ।

ਮੀਆਂ ਮਜ਼ਨੂੰ ਵਕਤ ਵਰਤਮਾਨ ਬਾਲਾ, ਲੰਘੀ ਸਦੀ ਲਈ ਸੇਜ਼ ਵਿਛਾਂਵਦਾ ਏ ।

ਦਰਦ ਪੀਰ, ਹੌਂਕੇ ਮਾਂ, ਵਾਰਿਸ ‘ਹੀਰ’ ‘ਚ ਅਲਫਾਜ਼ ਕੇਹੇ ਸਜਾਂਵਦਾ ਏ ।

ਚੀਰਾ ਸਰਪੇਚ, ਲੰਮੜੇ ਕੇਸ ਬਾਂਕੇ, ਸਤਗੁਰ ‘ਵਾਰਿਸ’ ਨੂੰ ਪਿਆ ਹਢਾਂਵਦਾ ਏ ।

📝 ਸੋਧ ਲਈ ਭੇਜੋ