ਸਾਹਵਾਂ ਵਿਚ ਪੂਰੋ ਵੇ ਮਾਹੀ।
ਮੈਂ ਤੇਰੀ ਖ਼ੁਸ਼ਬੋ ਵੇ ਮਾਹੀ।
ਤੱਕਣਾ! ਕਿਹੜਾ ਬਹੁਤਾ ਸੋਹਣਾ,
ਚੰਨ ਦੇ ਨਾਲ਼ ਖਲੋ ਵੇ ਮਾਹੀ।
ਅੱਜ ਮੈਂ ਤੇਰਾ ਸੁਫ਼ਨਾ ਬਣਨਾ,
ਅੱਖ ਦਾ ਬੂਹਾ ਢੋ ਵੇ ਮਾਹੀ।
ਮੈਨੂੰ ਚਾਨਣ ਕੀਤੀ ਫਿਰਦੀ,
ਇਸ਼ਕ ਤੇਰੇ ਦੀ ਲੌ ਵੇ ਮਾਹੀ।
ਅਪਣਾ ਮਨ ਕੇ ਵਿਚ ਸ਼ਰੀਕਾਂ,
ਧੋਣੇ ਸਾਰੇ ਧੋਵੇ ਮਾਹੀ,
ਅੱਖੀਆਂ ਵਿਚ ਵਸਾ ਕੇ ਮੈਨੂੰ,
ਖ਼ਵਾਬਾਂ ਵਿਚ ਲੁਕੋ ਵੇ ਮਾਹੀ।
ਤੇਰੇ ਬਾਝੋਂ ਜੀਵਨ ਕੀਤਾ,
ਸਾਡੇ ਨਾਲ਼ ਧਰੁਵ ਵੇ ਮਾਹੀ।
ਇਸ਼ਕ ਤਰਾ ਨਸ ਨਸ ਵਿਚ ਧੜੱਕੇ,
ਹੁਣ ਨਾ ਰਹੀਏ ਦੋ ਵੇ ਮਾਹੀ।
ਰੂਹ ਤੇ ਬੁੱਤ ਦੀ ਅਜ਼ਲੀ ਮੰਗ ਤੋਂ,
ਦੋਹਾਂ ਵਿਚ ਇਕ ਹੋਵੇ ਮਾਹੀ।
ਅੰਦਰੋ ਅੰਦਰੀਂ ਝੁਰਦੇ ਪਏ ਆਂ,
ਆ ਗਲ ਲੱਗ ਕੇ ਰੋਵੇ ਮਾਹੀ।
ਦੁਨੀਆ ਵੱਖ ਕਰੇ ਨਾ ਸਾਨੂੰ,
ਬੁੱਕਲ ਵਿਚ ਲੁਕੋ ਵੇ ਮਾਹੀ।
ਫੁੱਲਾਂ ਵਰਗੀ ਜਿੰਦੜੀ ਛੱਡੀ,
ਸੂਲਾਂ ਵਿਚ ਪੂਰੋ ਵੇ ਮਾਹੀ।
ਦਿਲ ਧਰਤੀ ਚੋਂ ਪ੍ਰੀਤ ਉਗਾਈ,
ਜੋਗ ਨੈਣਾਂ ਦੀ ਜੋ ਵੇ ਮਾਹੀ।
ਸੁਗ਼ਰਾ ਸੱਦਫ਼ ਅੱਜ ਸੁਣਨਾ ਚਾਹੁੰਦੀ,
ਕਹਿ ਦੇ ਮਨ ਵਿਚ ਜੋ ਵੇ ਮਾਹੀ।