ਸੱਜਣ ਅਸੀਂ ਇੰਝ ਮਿਲੀਏ
ਜਿਉਂ ਦਿਵਸ ਦੇਹੀ ਵਿੱਚ ਰਾਤ
ਸੱਜਣ ਅਸੀਂ ਇੰਝ ਮਿਲੀਏ
ਜਿਉਂ ਪੌਣ ਪਾਣੀ ਦਾ ਸਾਥ
ਕੋਈ ਧਰਤੀ ਅਸਮਾਨ ਨਾ ਹੋਏ
ਪਾਣੀ ਅਗਨ ਪ੍ਰਾਣ ਨਾ ਹੋਏ
ਜਿਉਂ ਮੌਤ ਦੇਹੀ ਵਿੱਚ ਵਾਸ
ਸੱਜਣ ਅਸੀਂ ਇੰਝ ਮਿਲੀਏ
ਧਰਮ ਕਿਤੇ ਭਗਵਾਨ ਨਾ ਹੋਵੇ
ਗੀਤਾ ਵੇਦ ਕੁਰਾਨ ਨਾ ਹੋਵੇ
ਬੱਸ ! ਹਵਾ ਆਦਮ ਦੀ ਜਾਤ
ਸੱਜਣ ਅਸੀਂ ਇੰਝ ਮਿਲੀਏ
ਦਿਵਸ ਨਾ ਹੋਵੇ ਰਾਤ ਨਾ ਹੋਵੇ
ਨੂਰ ਹੋਵੇ ਪ੍ਰਭਾਤ ਨਾ ਹੋਵੇ
ਜਿਉਂ ਅੱਖ ਵਿੱਚ ਅੱਥਰੂ ਵਾਸ
ਸੱਜਣ ਅਸੀਂ ਇੰਝ ਮਿਲੀਏ
ਉਮਰ, ਜਨਮ ਕੋਈ ਜਾਤ ਨਾ ਹੋਵੇ
ਨੀਰ ਵਰੇ ਬਰਸਾਤ ਨਾ ਹੋਵੇ
ਜਿਉਂ ਜਲ ਦਾ ਥਲ ਵਿੱਚ ਵਾਸ
ਸੱਜਣ ਅਸੀਂ ਇੰਝ ਮਿਲੀਏ
ਕਾਇਆ ਕਸਮ ਕਰਾਰ ਨਾ ਹੋਵੇ
ਕੋਈ ਸਾਹਾਂ ਵਿਚਕਾਰ ਨਾ ਹੋਵੇ
ਬਸ ! ਮਨ ਦਾ ਮੇਲ ਮਿਲਾਪ
ਸੱਜਣ ਅਸੀਂ ਇੰਝ ਮਿਲੀਏ
ਫੁੱਲ ਵਿੱਚ ਵੱਸੇ ਜਿਉਂ ਖੁਸ਼ਬੋਈ
ਹਾਜ਼ਰ ਹੈ ਪਰ ਹੋਂਦ ਨਾ ਕੋਈ
ਜਿਉਂ ਰੇਤ ਪਏ ਬਰਸਾਤ
ਸੱਜਣ ਅਸੀਂ ਇੰਝ ਮਿਲੀਏ