ਸਮਝਦੇ ਸਾਨੂੰ ਰਹੇ ਜੋ ਸਿਰਫਿਰੇ
ਮੰਗਦੇ ਹੁਣ ਉਹ ਨੇ ਸਾਡੇ ਮਸ਼ਵਰੇ
ਖਿੜਕੀਆਂ ’ਚੋਂ ਧੁੱਪ ਹੈ ਦਿਸਦੀ ਪਈ
ਪਰ ਬੜੇ ਠੰਡੇ ਜਿਹੇ ਨੇ ਬਿਸਤਰੇ
ਕਾਸ਼! ਜੇ ਜਲਦੀ ਨਾ ਹੁੰਦੀ ਯਾਰ ਨੂੰ
ਇਸ ਤਰ੍ਹਾਂ ਹੁੰਦੇ ਮਜ਼ੇ ਨਾ ਕਿਰਕਿਰੇ
ਜਾਪਦੇ ਜੋ ਨੇ ਸਹਾਰੇ ਜੀਣ ਦੇ
ਭਾਲਦੇ ਉਹ ਥਾਂ ਕੁਥਾਂ ਨੇ ਆਸਰੇ
ਨਰਮ ਕੋਮਲ ਚਿਹਰਿਆਂ ਦੀ ਭੀੜ ਵਿਚ
ਹੱਥ ਕੁਝ ਫਿਰਦੇ ਪਏ ਨੇ ਖੁਰਦਰੇ
ਰਾਜਨੇਤਾ ਹੁਣ ਵਪਾਰੀ ਬਣ ਗਏ
ਵੇਚਦੇ ਨੇ ਗਾਤਰੇ ਤੇ ਉਸਤਰੇ
ਘਰ ਬਣਨ ’ਤੇ ਰਹਿਣ ਵਾਲੇ ਰਹਿਣਗੇ
ਕਰ ਰਹੇ ਮਜ਼ਦੂਰੀਆਂ ਪਰ ਬੇਘਰੇ
ਜਦ ‘ਅਮਰ’ ਮਰਿਆ ਤਾਂ ਯਾਰਾਂ ਨੇ ਕਿਹਾ
‘ਚੱਲ ਸਾਨੂੰ ਕੀ ਕੁਈ ਜੀਵੇ ਮਰੇ’