ਬੜਾ ਮੁਸ਼ਕਿਲ ਹੈ
ਅਸੀਮ 'ਸਮੇਂ' ਦੇ
ਆਦਿ ਤੇ ਅੰਤ ਦਾ
ਕੋਈ ਥਹੁ-ਪਤਾ ਲਗਾਉਣਾ
ਮਹਿਜ਼
ਕਿਆਫ਼ੇ ਹੀ ਲਾਏ ਜਾਂਦੇ ਰਹੇ ਹਨ
ਕਿਆਫ਼ੇ ਹੀ ਲਾਏ ਜਾ ਸਕਦੇ ਹਨ
ਆਪਣੀ, ਜਗਿਆਸਾ ਦੀ
ਤਸੱਲੀ ਵਾਸਤੇ ।
ਸਮੇਂ ਦੀ ਪੱਸਰੀ
ਏਸ ਧੂੜ ਵਿੱਚ
ਹਰ ਸ਼ੈਅ ਧੁੰਦਲਾਈ
ਜਾ ਚੁੱਕੀ ਹੈ
ਬੜਾ ਮੁਸ਼ਕਿਲ ਹੈ
ਮੁਹਾਂਦਰੇ ਪਛਾਣ ਸਕਣਾ
ਯੁੱਗਾਂ ਦੇ ਇਤਿਹਾਸਕ
ਸੁਮੰਦਰ ਦੀਆਂ
ਧੁਰ ਡੂੰਘਾਣਾਂ ਵਿੱਚ
ਟੁੱਬੀਆਂ ਮਾਰ-ਮਾਰ
ਧੁਰ ਹੇਠਾਂ ਉਤਰ ਸਕਣਾ
ਤੇ 'ਸਮੇਂ ਦੇ ਸੱਚ' ਦੇ
ਮੋਤੀ ਲੱਭ ਸਕਣਾ
ਬੜਾ ਔਖਾ ਕੰਮ ਹੈ
ਮਹਿਜ਼
ਟੇਵੇ ਲਗਾਏ ਜਾ ਸਕਦੇ ਨੇ
ਅਟਕਲ-ਪੱਚੂ ਜਾਂ ਫ਼ਿਰ
ਭਰਮ ਹੀ ਸਿਰਜੇ ਜਾ ਸਕਦੇ ਨੇ ।
ਤੁਸੀਂ ਆਪਣੀ
ਗੱਲ ਨੂੰ ਕਿਤਿਓਂ
ਵੀ ਸ਼ੁਰੂ ਕਰਨਾ ਚਾਹੋ
ਸਮੇਂ ਦਾ ਮੂੰਹ ਸਿਰਾ ਫੜਨਾਂ
ਅਜਗਰ ਦੇ ਮੂੰਹ
ਹੱਥ ਦੇਣ ਵਾਲੀ ਗੱਲ ਹੈ ।
ਅਤਾ-ਪਤਾ ਫੇਰ ਵੀ
ਮੁਮਕਿਨ ਨਹੀਂ
ਖ਼ੈਰ !
ਤੁਸੀਂ ਛੱਡੋ
ਤੁਸੀਂ ਸਹਿਮਤ ਹੋਵੋਂ ਜਾਂ ਨਾ
ਤੁਹਾਡੀ ਮਰਜ਼ੀ ਹੈ
ਪਰ !
ਮੇਰੀ ਕਹੀ ਵੀ-
ਇਨੀ ਬੇਅਰਥੀ ਨਹੀਂ
ਜਿੰਨੇ ਜ਼ੋਰ ਨਾਲ
ਤੁਸੀ ਹੱਸੇ ਹੋ
ਮੈਨੂੰ ਪਤਾ ਹੈ
ਤੁਸੀਂ ਮੇਰੀ
ਖਿੱਲੀ ਉਡਾਉਣੋਂ
ਬਾਜ਼ ਨਹੀਂ ਰਹਿ ਸਕਦੇ
ਇਹ ਤੁਹਾਡੀ ਫ਼ਿਤਰਤ ਦਾ ਹਿੱਸਾ ਹੈ
ਆਪਣੀ ਹੀ ਬੇਸਮਝੀ
ਨੂੰ ਠੱਠਾ ਕਰ ਸਕਣਾ
ਮੈਂ
ਉੱਚੀ-ਉੱਚੀ ਦੁਹਰਾਵਾਂਗਾ
ਕਿ ਸਮੇਂ ਦੇ ਸੱਚ ਨੂੰ
ਜਾਨਣਾ ਬਹੁਤ ਜ਼ਰੂਰੀ ਵੀ ਹੈ
ਤੇ ਮੁਸ਼ਕਿਲ ਵੀ-
ਯੁੱਗਾਂ, ਸਦੀਆਂ ਵਿਚ ਵੰਡੇ
ਪ੍ਰਾਚੀਨ ਸਭਿਆਤਾਵਾਂ
ਦੀਆਂ ਹਨੇਰੀਆਂ ਕੁੱਖਾਂ
ਵਿਚ ਜਨਮੇ ਤੇ ਵਿਗਸੇ
ਸਮੇਂ ਦੇ ਸੱਚ ਨੂੰ
ਸਮਝਣ ਦੇ ਸਮਰਥ ਹੋਣਾ
ਬੜਾ ਜ਼ਰੂਰੀ ਵੀ ਹੈ
ਤੇ ਮੁਸ਼ਕਿਲ ਵੀ ।
ਸਾਡੀਆਂ ਰਗਾਂ ਵਿੱਚ ਦੌੜਦਾ ਖੂਨ
ਦਰਾਵੜਾਂ, ਆਰੀਆਂ
ਅਤੇ ਹੋਰ
ਕਿਸ-ਕਿਸ ਦਾ ਹੈ ।
ਅਸੀਂ ਕਿੰਨੀ ਵੇਰ
ਡਿੱਗੇ ਤੇ ਪੈਰੀਂ ਖਲੋਤੇ
ਉੱਜੜੇ ਤੇ ਵੱਸੇ
ਥਿਰਕੇ ਤੇ ਸੰਭਲੇ
ਸਮੇਂ ਦਾ ਇਹ ਸੱਚ
ਉਸ ਅਜਗਰ
ਦੀ ਅਗੋਸ਼ ਵਿੱਚ
ਮਹਿਫੂਜ਼ ਹੈ
ਜਿਸ ਦੀ ਪੂਛ
ਉਸ ਦੇ ਆਪਣੇ ਮੁੰਹ ਵਿੱਚ ਹੈ
ਬਾਗੇ-ਅਦਨ ਦਾ ਕਿੱਸਾ
ਤਾਂ ਤੁਸੀਂ
ਕਈ ਵੇਰ
ਸੁਣਿਆ ਹਊ
ਮਾਈ ਹੱਵਾ ਨੂੰ
ਵਰਜਿਤ ਫਲ
ਕਿਸ ਨੇ ਖਵਾਇਆ ਸੀ
ਉਹ ਕੌਣ ਸੀ
ਤੇ ਕਿਸ ਦਾ ਭੇਜਿਆ
ਕਿਥੋਂ ਆਇਆ ਸੀ
ਜਿਸ ਨੇ
ਸਿਧੀ-ਸਾਦੀ ਮਾਈ ਹੱਵਾ ਨੂੰ
ਵਰਗਲਾਇਆ ਸੀ
ਉਕਸਾਰਿਆ ਸੀ ।
ਤੇ ਗੱਲ
ਇਥੇ ਹੀ ਬਸ ਨਹੀਂ ਸੀ ਹੋਈ
ਬਾਬੇ ਆਦਮ ਤੀਕ
ਜਾ ਪੁੱਜੀ ਸੀ
ਜਿਸ ਨੇ ਬਕਬਕੇ ਫਲ ਦਾ
ਸਵਾਦ ਹੀ ਤਾਂ
ਚੱਖਿਆ ਸੀ ਆਖ਼ਿਰ
ਉਹ, ਫਲ ਚੱਖਣ ਲਈ
ਕਿਸ ਤੇ ਕਿਵੇਂ
ਮਨਾਇਆ ਸੀ
ਉਹ ਹਾਜ਼ਰ ਸੀ।
ਜਾਂ ਗੈਰ-ਹਾਜ਼ਿਰ
ਆਖ਼ਿਰ ਉਹ ਕੌਣ ਸੀ
ਜਿਸ ਨੇ ਇਹ ਕਾਰਾ
ਕਰਵਾਇਆ ਸੀ
ਜਿਸ ਦੀ ਸਜ਼ਾ
ਅਜੇ ਤੀਕ
ਅਸੀਂ ਭੁਗਤ ਰਹੇ ਹਾਂ
ਉਸ ਸਮੇਂ ਦਾ ਸੱਚ
ਕੀ ਸੀ
ਜਾਨਣਾ ਬੜਾ ਜ਼ਰੂਰੀ ਹੈ
ਤੇ ਮੁਸ਼ਕਿਲ ਵੀ ।
ਬਨੀਨੌ ਇਨਸਾਨ ਦਾ
ਇਹ ਪਹਿਲਾ ਸਵਾਲ ਹੀ
ਉਸੇ ਤਰ੍ਹਾਂ ਅ-ਹੱਲ ਹੈ
ਇਥੇ ਹੀ ਬਸ ਨਹੀਂ
ਅਨੇਕਾਂ ਹੋਰ ਸਵਾਲ
ਸਾਡੇ ਇਰਦ-ਗਿਰਦ
ਗਰਦਸ਼ 'ਚ ਪਏ-ਪਏ
ਥੱਕ ਜਾਣ ਵਾਲੇ ਨੇ
ਸਵਾਲ ਦਰ ਸਵਾਲ
ਸਾਡੀਆਂ ਰਾਹਾਂ
ਮੱਲੀ ਬੈਠੇ ਨੇ
ਜਿੰਨ੍ਹਾਂ ਤੋਂ ਭੈਭੀਤ ਹੋਇਆ
ਮੈਂ ਸੁੱਤਿਆਂ ਵੀ
ਅਸ਼ਾਂਤ ਹੀ ਹੁੰਦਾ ਹਾਂ
ਤੇ
ਕਵਿਤਾ ਦੇ ਸਨਮੁਖ ਹੋਣ ਤੋਂ
ਡਰਦਾ ਹਾਂ, ਤ੍ਰਹਿੰਦਾ ਹਾਂ
ਝੱਕਦਾ ਹਾਂ, ਕਤਰਾਉਦਾ ਹਾਂ
ਕਵਿਤਾ
ਜੋ ਮਹਿਜ਼
ਜ਼ਹਿਨੀ ਅੱਯਾਸ਼ੀ ਨਹੀਂ ਹੁੰਦੀ
ਸਮੇਂ ਦੇ ਸੱਚ ਦਾ
ਕੌੜਾ ਯਥਾਰਥ ਹੁੰਦੀ ਹੈ ।