ਸਮੇਂ ਵਾਂਗੂ ਬੀਤ ਜਾਵਣਾ
ਸਾਨੂੰ ਯਾਦ ਕਰੇਗਾ ਕੋਈ
ਹਵਾ ਵਿਚ ਬੋਲ ਗੂੰਜਣੇ
ਸਾਨੂੰ ਕਿਧਰੇ ਨਾ ਮਿਲਣੀ ਢੋਈ
ਅਸੀਂ ਕਿਹੜਾ ਨਿੱਤ ਆਵਣੈ
ਜੋਗੀਆਂ ਜਿਹਾ ਸਾਡਾ ਫੇਰਾ
ਮੋਹ ਵਾਲੀ ਭੀਖ ਮੰਗਦੇ
ਸਾਡਾ ਪਾਰ ਅੰਬਰ ਤੋਂ ਡੇਰਾ
ਤਾਰਿਆਂ ਤੋਂ ਯਾਰੀ ਲਭਦੇ
ਸਾਡੀ ਚੰਨ ਨੇ ਕੀਤੀ ਬਦਖੋਈ
ਸੁਪਨੇ ਦੀ ਖੇਤੀ ਬੀਜਦੇ
ਸਾਡਾ ਯਾਰ ਕੱਲਰ ਤੋਂ ਮਾੜਾ
ਧਰਤੀ ਦੀ ਹਿੱਕ ਲੂਹ ਗਿਆ
ਝੂਠਾ ਦੇ ਕੇ ਉੱਗਣ ਦਾ ਲਾਰਾ
ਉਮਰਾਂ ਦੀ ਭੁੱਖ ਦੇ ਗਿਆ
ਸਾਨੂੰ ਆਪਣਾ ਆਖਕੇ ਕੋਈ
ਮਿੱਟੀ ਜਿਹੀ ਲਾਸ਼ ਚੁੱਕ ਕੇ
ਅਸੀਂ ਸੂਰਜਾਂ ਦੇ ਦਰ ਤੇ ਸਵਾਲੀ
ਸਿਵਿਆਂ ਦੇ ਵਾਂਗ ਮੱਚਦੇ
ਸਾਡੀ ਰੂਹ ਸੱਜਣਾਂ ਨੇ ਖਾ ਲਈ
ਜੋਬਨ ਸੀ ਪਹਿਲੇ ਤੋੜ ਦਾ
ਸੁੱਕਾ ਪੀ ਗਿਆ ਗਟਾ ਗਟ ਕੋਈ
ਰੁੱਖ ਸਾਡਾ ਦੁੱਖ ਪੁੱਛਦੇ
ਰਾਤੀਂ ਅੱਖੀਆਂ ਚੋਂ ਨੀਰ ਵਹਾਂਦੇ
ਧੂਣੀ ਵਾਂਗੂੰ ਗੀਤ ਧੁਖਦੇ
ਰਲ ਨਾਲ ਹਵਾ ਦੇ ਗਾਂਦੇ
ਜਿਦੇ ਲਈ ਮੈਂ ਗੀਤ ਲਿਖਦਾ
ਉਹਦੀ ਇਕ ਵਾਰੀ ਅੱਖ ਵੀ ਨਾਂ ਰੋਈ
ਯਾਰ ਸਾਡਾ ਚਿੱਟੀ ਬਦਲੀ
ਕੋਈ ਛਾਂ ਨਾ ਅੱਖਾਂ ਦੇ ਵਿਚ ਪਾਣੀ
ਖੇਤੀ ਮੈਂ ਗਰੀਬ ਜੱਟ ਦੀ
ਜਿਹੜੀ ਮੀਂਹ ਦੇ ਲਾਰੇ ਤੇ ਸੁੱਕ ਜਾਣੀ
ਉਹਨੂੰ ਅਸੀਂ ਦੁੱਖ ਦੱਸੀਏ
ਜਿਨੂੰ ਦੁੱਖਾਂ ਦੀ ਸਾਰ ਨਾ ਕੋਈ
ਇਕੋ ਸਾਡੀ ਰੀਝ ਆਖਰੀ
ਸਾਡੇ ਕੱਫਨ ਤੇ ਕੱਢਦੇ ਕਸੀਦਾ
ਉਮਰਾਂ ਦਾ ਘੁੱਟ ਬਚਦਾ
ਇਹਨੂੰ ਦਾਰੂ ਦੇ ਗਲਾਸ ਵਾਂਗੂ ਪੀ ਜਾ
ਸਿਖਰ ਦੁਪਹਿਰ ਜਿੰਦ ਦੀ
ਸੁੱਕੇ ਕਾਨਿਆਂ 'ਚ ਅੱਗ ਮੈਂ ਲਕੋਈ
ਸਮੇਂ ਵਾਂਗੂ ਬੀਤ ਜਾਵਣਾ
ਸਾਨੂੰ ਯਾਦ ਕਰੇਗਾ ਕੋਈ
ਹਵਾ ਵਿਚ ਬੋਲ ਗੂੰਜਣੇ
ਸਾਨੂੰ ਕਿਧਰੇ ਨਾ ਮਿਲਣੀ ਢੋਈ