ਰਾਤ ਕਾਲੀ ਖਾਵਣ ਨੂੰ ਆਵੇ 

ਦੀਵਾ ਨਾ ਜਗਾਵਾਂ ਡਰ ਆਵੇ

ਮਤ ਕੋਈ ਵੈਣ ਦਰਦਾਂ ਦਾ ਪਾਵੇ

ਦੂਰ ਦੁਰਾਡੀਆਂ ਜੂਹਾਂ ਦੇ ਪਾਰ

ਕੁੱਤੇ ਭੌਂਕਣ ਉੱਲੂ ਬੋਲਣ

ਸਮਝ ਨਾ ਆਵੇ

ਕੱਲਰ ਹੋਇਆ ਬਾਬਲ ਦਾ ਵਿਹੜਾ

ਲਹੂ ਲੁਹਾਣ ਬਾਬਲ ਦਾ ਵਿਹੜਾ

ਖਿਚੋ-ਤਾਣ ਹੈ ਆਲ-ਦੁਆਲੇ

ਖੇੜਾ ਇੱਥੇ ਕੌਣ ਲਿਆਵੇ 

ਸਮਝ ਨਾ ਆਵੇ

ਪਿਘਲਿਆ ਦਰਦਾਂ ਦਾ ਲਾਵਾ 

ਜ਼ਖਮਾਂ 'ਚੋਂ ਰੱਤ ਸਿੰਮਦੀ ਜਾਵੇ 

ਮਲ੍ਹਮ ਪੱਟੀ ਦੀ ਖ਼ਬਰ ਨਾ ਕੋਈ 

ਹਰ ਕੋਈ ਨਸ਼ਤਰ ਲਾਈ ਜਾਵੇ

ਸਵੈ ਇਨਸਾਨ ਦਾ ਡਗ-ਮਗਾ ਗਿਆ ਹੈ

ਸਮਝ ਨਾ ਆਵੇ

ਗੇੜੇ ਮੁੱਕਦਰਾਂ ਦੇ ਕੱਢਦਾ ਜਾਵੇ

ਸਾਹਾਂ ਦੇ ਪੈਂਡੇ ਕੱਛਦਾ ਜਾਵੇ

ਪੱਥਰਾਂ ਨੂੰ ਪਾੜਦਾ

ਪਰਬਤਾਂ ਨੂੰ ਚੀਰਦਾ

ਸੁਪਨਿਆਂ ਦਾ ਮਹਿਲ ਬਣਾਈ ਜਾਵੇ

ਸਮਝ ਨਾ ਆਵੇ

ਘੁੰਮਦੀ ਰਹੀ ਸੋਚ ਇਨਸਾਨ ਦੀ

ਕਾਲ-ਚੱਕਰ ਦੇ ਫੇਰ ਵਾਂਗੂੰ

ਜ਼ਿੰਦਗੀ ਇਨਸਾਨ ਦੀ ਢਲਦੀ ਜਾਵੇ 

ਡੁੱਬਦੇ ਸੂਰਜ ਦੇ ਪਰਛਾਵੇਂ ਵਾਂਗੂੰ 

ਸਮਝ ਨਾ ਆਵੇ

📝 ਸੋਧ ਲਈ ਭੇਜੋ