ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆਂ ਆਖੇਗੀ

ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆਂ ਆਖੇਗੀ,

ਲੈ ਗਏ ਖੋਹ ਕੇ ਹੱਥੋਂ ਜੇਕਰ ਟੁੱਕ ਲੁਟੇਰੇ, 

ਬਲ਼ਣ ਨਾ ਦਿੱਤਾ ਹੁਣ ਵੀ ਜੇਕਰ ਸੂਰਜ ਮੱਥੇ ਦਾ,

ਨੱਚਦੇ ਰਹਿਣਗੇ ਸਾਡੇ ਸਿਰ ‘ਤੇ ਸਦਾ ਹਨੇਰੇ । 

ਟਿਕੀਆਂ ਦੁਸ਼ਮਣ ਦੀਆਂ ਨੇ ਅੱਖਾਂ ਹੋਂਦ ਅਸਾਡੀ ‘ਤੇ, 

ਨਾਗ ਬਣਾਉਣ ਵਰਮੀਆਂ ਸਾਡੀਆਂ ਛਾਵਾਂ ਥੱਲੇ, 

ਗਹਿਣੇ ਪਏ ਪੈਰਾਂ ਵੱਲ ਤੱਕਣ ਰਸਤੇ ਮੰਜ਼ਿਲ ਦੇ, 

ਪਰਤਣ ਅੱਧ ‘ਚੋਂ ਨਾ ਰਥ ਜੋ ਰਣ ਵਿੱਚ ਨੇ ਘੱਲੇ,

ਜਿਹੜੇ ਘਰ ਦੀ ਨੀਂਹ ਵਿੱਚ ਸਾਂਭੀ ਅਜ਼ਮਤ ਸਦੀਆਂ ‘ਤੋਂ

ਪਹਿਲੇ ਮੀਂਹ ਵਿੱਚ ਖੁਰ ਕੇ ਢਹਿ ਨਾ ਜਾਣ ਬਨੇਰੇ, 

ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆਂ ਆਖੇਗੀ 

ਲੈ ਗਏ ਖੋਹ ਕੇ ਹੱਥੋਂ ਜੇਕਰ ਟੁੱਕ ਲੁਟੇਰੇ

ਉੱਠੇ ਹੱਥ ਨਾ ਜੇਕਰ ਭੀੜ ‘ਚੋਂ ਗ਼ੈਰਤਮੰਦਾਂ ਦੇ, 

ਕਾਲ਼ੇ ਸਮਿਆਂ ‘ਤੇ ਨਹੀਂ ਕਾਟੇ  ਜਾਣੇ ਮਾਰੇ, 

ਠਾਕੀ ਜੀਭ ਰਹੀ ਜੇ ਬੋਲ਼ਣ ਵੇਲ਼ੇ ਲੋਕਾਂ ਦੀ,

ਜ਼ਾਲਿਮ ਕਿਸੇ ਦੌਰ ਫਿਰ ਨਈਂ ਜਾਣੇ ਲਲਕਾਰੇ, 

ਜਮਨਾ ਪਾਰੋਂ ਹੁਕਮ ਚਲਾਉਂਦੀਆਂ ਕਾਲ਼ੀਆਂ ਜੀਭਾਂ ਨੂੰ

ਗੂੰਗਾ ਕਰਨਗੇ ਜੂਹ ਤੋਂ ਬਾਹਰ ਸਾਡੇ ਜੇਰੇ,

ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆਂ ਆਖੇਗੀ,

ਲੈ ਗਏ ਖੋਹ ਕੇ ਹੱਥੋਂ ਜੇਕਰ ਟੁੱਕ ਲੁਟੇਰੇ

ਦਿੰਦੀਐਂ ਮਾਤ ਸਿਆਸੀ ਚਾਲਾਂ ਬਾਗ਼ੀ ਸੋਚਾਂ ਨੂੰ, 

ਰੰਗਣੋਂ ਰਹਿ ਜਾਵਣ ਹਰ ਵਾਰ ਬਸੰਤੀ ਚੋਲ਼ੇ, 

ਰਹਿ ਗਈ ਰੋਟੀ ਜਿੰਨੀ ਧਰਤੀ ਸਾਡੇ ਹਿੱਸੇ ਦੀ, 

ਸਾਡੇ ਰੰਗਲੇ ਸੁਪਨੇ ਹਰ ਹਾਕਮ ਨੇ ਰੋਲ਼ੇ, 

ਘੜਣੀ ਵਰਤਮਾਨ ਨੇ ਹੋਣੀ ਆਉਂਦੇ ਸਮਿਆਂ ਦੀ

ਜਿੱਤਣੈ ਅਸੀਂ ‘ਅਜ਼ੀਮ’ ਜੇ ਹੁਣ ਵੈਰੀ ਜਾ ਘੇਰੇ,

ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆਂ ਆਖੇਗੀ,

ਲੈ ਗਏ ਖੋਹ ਕੇ ਹੱਥੋਂ ਜੇਕਰ ਟੁੱਕ ਲੁਟੇਰੇ

📝 ਸੋਧ ਲਈ ਭੇਜੋ