ਸਰਬੱਤ ਦੀ ਛੱਤ

ਸਣ-ਖੰਡਾਂ ਦੀ ਪੰਜ਼ੇਬ, ਜਿੱਥੇ, ਸੂਹੇ ਫੁੱਲਾਂ ਦੀ ਰਕਾਬ ਹੋਵੇ

ਜਿਹਦੀ ਮਹਿੰਦੀ ਰੰਗੀ ਵਾਸ਼,ਓਸ ਮਿੱਟੀ ਦਾ ਪੰਜਾਬ ਹੋਵੇ।

ਚਾਅ-ਚੁਵੱਤਿਆਂ ਦਾ ਰਾਜ ਹੋਵੇ,ਸੰਖ, ਟੱਲ ਤੇ ਰਬਾਬ ਹੋਵੇ

ਖੜ-ਖੰਡੇ ਗਲ਼ ਮਾਲ਼ਾ ਹੋਵੇ, ਟਿੰਡ-ਤਕੀਏ ‘ਤੇ ਤਾਜ਼ ਹੋਵੇ

ਚੌਰ, ਜਾਪ, ਕੰਧ, ਗੜ੍ਹੀ, ਢੱਡ, ਕਲਗੀਂ ਤੇ ਬਾਜ਼ ਹੋਵੇ

ਜਿਹਦੀ ਮਹਿੰਦੀ ਰੰਗੀ ਵਾਸ਼ ਓਸ ਮਿੱਟੀ ਦਾ ਪੰਜਾਬ ਹੋਵੇ।

ਜਿੱਥੇ ਸਾਹਾਂ-ਲੱਸ਼ੇ ਤੀਰ ਤੇ ਮੁਕੱਦਰਾਂ ਦੇ ਫਾਲ਼ੇ

ਤੋੜ ਦੇਣ ਫ਼ਜ਼ਲਾਹੀ, ਕੋਟਾਂ, ਕਿਲਿਆਂ ਦੇ ਤਾਲ਼ੇ

ਸੋਹਲ-ਕਲਮਾਂ ਦੀ ਚੁੰਝ ਉੱਤੇ,ਰਣ-ਖੰਡਿਆਂ ਨੂੰ ਨਾਜ਼ ਹੋਵੇ

ਜਿਹਦੀ ਮਹਿੰਦੀ ਰੰਗੀ ਵਾਸ਼,ਓਸ ਮਿੱਟੀ ਦਾ ਪੰਜਾਬ ਹੋਵੇ।

ਜਿੱਥੇ ਸਰਬੱਤ ਦੀ ਛੱਤ ਥੱਲੇ,ਇਤਬਾਰ, ਇਕਰਾਰ, ਮੋਹ ਹੋਵੇ

ਕੌਮਾਂ, ਮਜ਼ਹਬਾਂ ‘ਚ ਜਿੱਥੇ, ਚੰਨ-ਚਾਨਣੀ ਜਿਹਾ ਤਿਓ ਹੋਵੇ

ਰੀਠੇ, ਅੱਕਾਂ, ਰਣ-ਰੱਕੜਾਂ ਦਾ, ਖਿੱਲਾਂ ਵਰਗਾ ਸਵਾਦ ਹੋਵੇ

ਜਿਹਦੀ ਮਹਿੰਦੀ ਰੰਗੀ ਵਾਸ਼, ਓਸ ਮਿੱਟੀ ਦਾ ਪੰਜਾਬ ਹੋਵੇ।

📝 ਸੋਧ ਲਈ ਭੇਜੋ