ਸੱਸਾ ਸੋਚਕੇ ਦੇਖ ਲੈ ਬੰਦਿਆ ਤੂੰ, ਸਥਿਰ ਕੌਣ ਹੈ ਏਸ ਜਹਾਨ ਉੱਤੇ।
ਭੀਮਸੈਨ ਬਾਲੀ ਮੇਘ ਰੌਣ ਤੇ, ਹੋਣੀ ਵਰਤਗੀ ਸੀ ਹਨੂੰਮਾਨ ਉੱਤੇ।
ਮਿਰਜ਼ਾ ਮਾਰ ਕੇ ਮੌਤੇ ਨੇ ਚੂਰ ਕੀਤਾ, ਹੋਣੀ ਵਾਰ ਕੀਤਾ ਦੁੱਲੇ ਖ਼ਾਨ ਉੱਤੇ ।
ਏਸ ਮੌਤ ਨੇ ਹਸਨ-ਹੁਸੈਨ ਮਾਰੇ, ਮੈਂਹਦੜ ਲੱਗਿਆ ਰਿਹਾ ਦਸਤਾਨ ਉੱਤੇ।
ਮੂਸਾ ਭਜਕੇ ਜ਼ੋਰ ਲਗਾਇ ਰਿਹਾ, ਮੇਰੀ ਕਿਵੇਂ ਜੇ ਮੌਤ ਤੋਂ ਜਾਨ ਛੁੱਟੇ।
ਜਿੱਧਰ ਦੇਖ ਮੇਘ ਮੌਤ ਦੀ ਧਾੜੇ ਖੜ੍ਹੀ, ਚਾਰੇ ਤਰਫ਼ ਦਿਸਨ ਮਕਾਨ ਰੁੱਕੇ।
ਗ੍ਰਿਫ਼ਤਾਰ ਕਰ ਮਾਰਿਆ ਘੱਤ ਘੇਰੇ, ਕਿਥੇ ਜਾਇਕੇ ਧਰਤੀ ਅਸਮਾਨ ਲੁੱਕੇ।
ਹੇੜੀ ਕਾਲ ਹੈ ਜਿਨ੍ਹਾਂ ਦੇ ਮਗਰ ਲੱਗਾ, ਕਿਹੜੇ ਪੁਰਸ਼ ਜੋ ਭੋਜਨ ਖਾਨ ਸੁੱਕੇ ।
ਐਸੀ ਕਾਲ ਗੋਲੀ ਮਾਰੇ ਜੀਵ ਤਾਈਂ, ਜੀਹਦਾ ਕਦੇ ਨਾ ਸ਼ਿਸ਼ਤ ਨਿਸ਼ਾਨ ਉੱਕੇ।
ਅਚਨਚੇਤ ਅਚਾਨਕੀ ਸੰਨ੍ਹ ਲਾਵੇ, ਏਸ ਜ਼ਿੰਦਗੀ ਵਹੀ-ਦੁਕਾਨ ਲੁੱਟੇ ।
ਮੁਸਲਮਾਨ ਦਾ ਅੰਤ ਨੂੰ ਗੋਰ ਵਾਸਾ, ਹਿੰਦੂ ਜਲੇਗਾ ਸਿਵੇ-ਮਸਾਨ ਉੱਤੇ।
ਥਿਰ ਏਕ ਗੋਬਿੰਦ ਦਾ ਨਾਮ ਰਹਿਣਾ, ਦੇਖ ਲਿਖਿਆ ਵੇਦ-ਪੁਰਾਨ ਉੱਤੇ।
ਸੌਦਾ ਹੋਰਦਾ ਹੋਰ ਖ਼ਰੀਦਿਆ ਤੈਂ, ਆਇਆ ਕਿਹੜੇ ਕੰਮ ਜਹਾਨ ਉੱਤੇ।
ਏਥੇ ਆਇਕੇ ਕੌਲ ਵਿਸਾਰ ਦਿੱਤੇ, ਪੱਕਾ ਰਿਹਾ ਨਾ ਮੂਲ ਜ਼ਬਾਨ ਉੱਤੇ ।
ਨਾਮਦਾਨ ਦੇ ਖੇਤ ਨੂੰ ਦਾਨ ਸਤਸੰਗ, ਕੀਤਾ ਆਏ ਜਾਣੀਏ ਸਫਲ ਜਹਾਨ ਉੱਤੇ।
ਧੰਨਾਂ ਜਟ ਕਬੀਰ ਰਮਦਾਸ ਸਧਨਾ, ਅੰਤ ਚੜ੍ਹਕੇ ਗਏ ਬਬਾਨ ਉੱਤੇ।
ਏਥੇ ਉਥੇ ਬੰਦੇ ਜੱਗ ਰਾਜ਼ੀ, ਸੇਵਾ ਬੰਦਗੀ ਨੇਕੀਆਂ ਨਾਮ ਉੱਤੇ ।
ਰੱਬ ਪਾਪ ਦੇ ਵਿਚ ਗਰਿੰਜ ਬੰਦੇ, ਹਾਕਮ ਕੌੜਦਾ ਜਿਵੇਂ ਬਦਨਾਮ ਉੱਤੇ।
ਤੂੰ ਵੀ ਖੱਟ ਲੈ ਨੇਕੀਆਂ ਬੰਦਿਆ ਓਇ, ਕਾਹਨੂੰ ਬੰਨ੍ਹਿਆ ਲੱਕ ਹਰਾਮ ਉੱਤੇ।
ਬੰਦੇ ਕਾਸਨੂੰ ਧਰਮ ਗੁਆਵਨਾ ਈਂ, ਐਵੇਂ ਵੇਖ ਬਗਾਨੜੇ ਧਾਨ ਉੱਤੇ।
ਚੋਰੀ ਕਰੇਂ ਖ਼ਾਤਰ ਧੀਆਂ-ਪੁੱਤਰਾਂ ਦੇ, ਦੁੱਖ ਸਹੇਂਗਾ ਆਪਣੀ ਜਾਨ ਉੱਤੇ।
ਅਸਰ ਨਾਮ ਦਾ ਨਹੀਂ ਕਦੰਤ ਲੈਂਦਾ, ਖਾਣ-ਪੀਣ ਦਾ ਸਵਾਦ ਜ਼ਬਾਨ ਉੱਤੇ।
ਅੰਤ ਰੋਣਗੇ ਜ਼ਾਰ ਪੁਰ ਜ਼ਾਰ ਕਰਕੇ, ਗਾਫ਼ਲ ਹੋਇ ਜੋ ਰਹੇ ਇਨਸਾਨ ਸੁੱਤੇ।
ਜਿਹੜੇ ਪਾਪ ਵਕਾਰ ਬਦਕਰਮ ਕਰਦੇ, ਔਖੇ ਹੋਇਕੇ ਅੰਤ ਨੂੰ ਜਾਨ ਟੁੱਟੇ।
ਮਾਣਸ-ਜਨਮ ਨੂੰ ਪਾਇ ਦੁਰਲਭ ਦੇਹੀ, ਕੀਤੇ ਕਰਮ ਕੀ ਪੁਰਸ਼ ਸੁਆਨ ਕੁੱਤੇ।
ਦੇਵਾ ਸਿੰਘ ਤੈਂ ਰੋਵਨਾ ਉਸ ਵੇਲੇ, ਧਰਮ-ਰਾਜ ਨੇ ਜਦੋਂ ਬਿਆਨ ਪੁੱਛੇ ।