ਸੱਸਾ ਆਖਦਾ ਸਮਝ ਬਦਬਖ਼ਤ ਬੰਦੇ, ਪਾਪੀ ਮਨੋਂ ਵਿਸਾਰ ਦੇ ਠੱਗੀਆਂ ਨੂੰ।
ਖ਼ੁਦੀ ਵਿਚ ਖ਼ੁਦਾਇ ਨਾ ਯਾਦ ਕੀਤਾ, ਫੂਕ ਸੁਟ੍ਹੀਏ ਟਮਟਮਾਂ-ਬੱਘੀਆਂ ਨੂੰ।
ਦਾਰੂ ਖ਼ਾਸ ਖ਼ੁਰਾਕ ਹੈ ਰਾਖਸ਼ਾਂ ਦੀ, ਫਿੱਟ-ਲਾਨ੍ਹਤਾਂ ਮਿਸਰੀਆਂ ਚੱਬੀਆਂ ਨੂੰ।
ਬਿਨ੍ਹਾਂ ਨਾਮ ਕਿਸ ਕਾਮ ਹੈ ਫੂਕ ਸੁੱਟੋ, ਬੂਟ, ਕੋਟ, ਪਤਲੂਨ ਤੇ ਝੱਗੀਆਂ ਨੂੰ।
ਹੱਡ-ਚਾਂਮ ਕਿਸ ਕਾਮ ਹੈ ਭਜਨ ਬਾਝੋਂ, ਸਿਟ੍ਹੋ ਅਤਰ-ਫਲੇਲ ਤੇ ਡੱਬੀਆਂ ਨੂੰ।
ਪੁੰਨ-ਦਾਨ ਨਾ ਧਰਮ ਨਮਿਤ ਕੀਤਾ, ਫਿੱਟ-ਲਾਨ੍ਹਤਾਂ ਦੌਲਤਾਂ ਦੱਬੀਆਂ ਨੂੰ।
ਜਿਦ੍ਹੇ ਵਿੱਚ ਪਰਮਾਤਮਾ ਭੁੱਲ ਜਾਏ, ਸਾੜ ਸਿੱਟ੍ਹ ਗ੍ਰਹਿਸਤ ਦੇ ਕੱਜੀਆਂ ਨੂੰ ।
ਬਿਨ੍ਹਾਂ ਜਾਪ ਦੇ ਖ਼ਾਕ ਮਾਨਿੰਦ ਮਾਨੋ, ਤਾਜ ਤਖ਼ਤਾਂ ਬਾਦਸ਼ਾਹੀਆਂ ਗੱਦੀਆਂ ਨੂੰ।
ਬਿਨ੍ਹਾਂ ਬੰਦਗੀ ਭੋਗਦੇ ਬ੍ਰਿਧ-ਵਸਥਾ, ਦੂਨ ਸੁਟ੍ਹੀਏ ਦਾੜ੍ਹੀਆਂ ਬੱਗੀਆਂ ਨੂੰ।
ਮੰਦੇ ਅਮਲ ਵਿਚੇ ਆਯੂ ਬੀਤ ਗਈਏ, ਬੰਦੇ ਅਜੇ ਸਵਾਰ ਲੈ ਅੱਧੀਆਂ ਨੂੰ।
ਪਿਛਾਂਹ ਪਰਤਦੇ ਦੇਖ ਤੂੰ ਬੀਤ ਗਈ ਨੂੰ, ਪਛਤਾਓਗੇ ਗ਼ੁਜ਼ਰੀਆਂ ਸੱਦੀਆਂ ਨੂੰ ।
ਇਛਾ-ਡੂਮਣੀ ਮੰਗਤੀ ਚਾਹ ਚੂਹੜੀ, ਘਰੋਂ ਕੱਢ ਬਲਾਂਮਤਾ ਲੱਗੀਆਂ ਨੂੰ।
ਦੇਵਨਹਾਰ ਦਾਤਾਰ ਹੈ ਰੱਬ ਰਾਜ਼ਕ, ਨਹੀਂ ਤੋੜਦਾ ਪਿਨਸ਼ਨਾਂ ਲੱਗੀਆਂ ਨੂੰ।
ਬਹਿੰਦੇ ਕੁੱਤਿਆਂ ਵਾਗਰਾਂ ਮੱਲ ਬੂਹੇ, ਕੌਡੀ ਦੇਖ ਵਖਾਇਕੇ ਲੱਬੀਆਂ ਨੂੰ।
ਨੀਯਤ ਨੇਕ ਦਾ ਕਰ ਖ਼ਿਆਲ ਬੰਦੇ, ਛੱਡ ਚੋਰੀਆਂ, ਯਾਰੀਆਂ, ਠੱਗੀਆਂ ਨੂੰ।
ਕਿਸੇ ਰੋਜ਼ ਨੂੰ ਆਵਣਾ ਧਰਤ ਹੇਠਾਂ, ਤੁਰੇ ਮਾਰ ਜ਼ਮੀਨ ਤੇ ਅੱਡੀਆਂ ਨੂੰ ।
ਜਦੋਂ ਵਕਤ ਅਖ਼ੀਰ ਹਿਸਾਬ ਹੋਇਆ, ਪਛੋਤਾਵਸੇਂ ਨੇਕੀਆਂ ਛੱਡੀਆਂ ਨੂੰ।
ਓਸ ਵੇਲੜੇ ਕੌਣ ਇਮਦਾਦ ਦੇਸੀ, ਲੱਗੀ ਮੌਤ ਜਾਂ ਭੰਨਣੇ ਹੱਡੀਆਂ ਨੂੰ।
ਪਾਣੀ ਧੋਤਿਆਂ ਕਪੜੇ ਹੋਣ ਚਿੱਟੇ, ਕਾਹਨੂੰ ਭਾਲੀਏ ਸਾਬਣਾਂ-ਸੱਜੀਆਂ ਨੂੰ।
ਬਿਨਾਂ ਕਾਮਲਾਂ ਮੁਰਸ਼ਦਾਂ ਦਯਾ ਸਿੰਘਾ, ਕੌਣ ਦਿਲੋਂ ਬੁਝਾਂਵਦਾ ਲੱਗੀਆਂ ਨੂੰ।