ਸੀਸ ਚੁੱਕਕੇ ਚਾਂਦਨੀ ਚੋਂਕ ਤੋਂ ਸੀ ਤੁਰਿਆ ਦਿੱਲੀਓ ਨਾਲ ਪਿਆਰ ਜੈਤਾ ।
ਚਾਦਰ ਹਿੰਦ ਦੀ ਬਣ ਗਏ ਗੁਰੂ ਨੌਵੇਂ ਸੱਚੇ ਗੁਰੂ ਤੋਂ ਜਾਵੇ ਬਲਿਹਾਰ ਜੈਤਾ।
ਥੋੜ੍ਹੇ ਚਿਰ ਵਿੱਚ ਦਿੱਲੀਓ ਬਾਹਰ ਹੋਇਆ ਜੱਪਦਾ ਮੁੱਖੋ ਸੀ ਸਤ ਕਰਤਾਰ ਜੈਤਾ।
ਆਪਣੀ ਮੰਜ਼ਿਲ ਵੱਲ ਵੱਧਦਾ ਜਾ ਰਿਹਾ ਸੀ ਦੁਸ਼ਮਣ ਫੋਜਾਂ ਤੋਂ ਹੋ ਹੁਸਿਆਰ ਜੈਤਾ।
ਕਾਲੀ ਅੱਤ ਦੀ ਠੰਡੀ ਰਾਤ ਅੰਦਰ ਤੁਰਿਆ ਜਾ ਰਿਹਾ ਸੀ ਮਾਰੋ ਮਾਰ ਜੈਤਾ।
ਮਿਲਿਆ ਤਰਾਵੜੀ ਧੋਬੀ ਇੱਕ ਭਾਈ ਰਾਮਾ ਕਰਾਏ ਸੀਸ ਦੇ ਉਹਨੂੰ ਦੀਦਾਰ ਜੈਤਾ ।
ਨਾਭੇ ਪਿੰਡ ਫਕੀਰ ਦੀ ਕੁਟੀ ਵਿੱਚੋਂ ਅੱਗੇ ਚੱਲਿਆ ਰਾਤ ਗੁਜਾਰ ਜੈਤਾ।
ਪਹੰਚ ਗਿਆ ਅਨੰਦਪੁਰ ਸਾਹਿਬ ਅੰਦਰ ਗੋਬਿੰਦ ਰਾਇ ਦੇ ਵਿੱਚ ਦਰਬਾਰ ਜੈਤਾ।
ਸੀਸ ਚੰਦਨ ਦੀ ਚੌਂਕੀ ਤੇ ਰੱਖਕੇ ਸੀ ਖੜ ਗਿਆ ਸੀ ਨਾਲ ਸਤਿਕਾਰ ਜੈਤਾ।
ਕਿਹਾ ਗੁਰਾਂ ਜਦ ਦਿੱਲੀ ਦਾ ਹਾਲ ਦੱਸੋ ਰੋ ਪਿਆ ਫੇਰ ਭੁੱਬਾਂ ਮਾਰ ਜੈਤਾ।
ਸਾਕਾ ਦਿੱਲੀ ਦਾ ਸੰਗਤ ਦੇ ਸਾਹਮਣੇ ਸੀ ਹੰਝੂ ਕੇਰ ਸੀ ਰਿਹਾ ਉਚਾਰ ਜੈਤਾ।
ਪਾਈ ਗਲਵਕੜੀ ਗੋਬਿੰਦ ਰਾਇ ਜੀ ਨੇ ਕਹਿੰਦੇ ਕੀਤਾ ਤੂੰ ਵੱਡਾ ਉਪਕਾਰ ਜੈਤਾ।
ਰੰਘਰੇਟਾ ਗੁਰੂ ਕਾ ਬੇਟਾ ਖਿਤਾਬ ਦਿੱਤਾ ਜੀਵਨ ਸਿੰਘ ਬਣਿਆ ਅਮ੍ਰਿਤ ਧਾਰ ਜੈਤਾ।
ਅਮਰ ਹੋ ਗਿਆ ਵਿੱਚ ਸੰਸਾਰ ਐਮ,ਏ ਸੇਵਾ ਕਰਕੇ ਸਿੰਘ ਸਰਦਾਰ ਜੈਤਾ ।