ਸ਼ਾਇਰ ਏਸ ਜਹਾਨ ਵਿੱਚ ਬਹੁਤ ਹੋਏ, ਓਟ ਕੁੱਲ ਕਲਾਮ ਦੀ ਤੱਕਦਾ ਹਾਂ
ਆਸ਼ਕ ਪੀਰ ਫਕੀਰ ਦੀ ਮਿਹਰ ਬਾਝੋਂ, ਅੱਖਰ ਇਕ ਵੀ ਲਿਖ ਨਾ ਸਕਦਾ ਹਾਂ
ਅੱਗ ਅੱਖਰਾਂ ਦੀ ਧੂਣੀ ਫੱਕਰਾਂ ਦੀ, ਮੈਂ ਤਾਂ ਪਾਣੀ ਦੇ ਨੈਣਾਂ ਵਿੱਚ ਮੱਚਦਾ ਹਾਂ
ਕਲਾ ਕਹੋ ਜਾਂ ਕਲਾ ਦਾ ਕਤਲ ਆਖੋ, ਫੁੱਲਾਂ ਨਾਲ ਮੈਂ ਸ਼ੀਸ਼ੇ ਨੂੰ ਕੱਟਦਾ ਹਾਂ
ਜਿੱਥੇ ਸਦਾ ਲਈ ਸੱਥਰਾਂ ਵਿਛ ਗਈਆਂ, ਖੁੰਢ ਉਸ ਦਰਵਾਜ਼ੇ ਦੀ ਸੱਥ ਦਾ ਹਾਂ
ਜਿਹੜੀ ਮਿੱਟੀ ਨਾ ਕਦੇ ਆਰਾਮ ਕੀਤਾ, ਉਹਦੇ ਨੈਣ ਉਨੀਂਦਰੇ ਵੱਸਦਾ ਹਾਂ
ਕਵਿਤਾ ਕਸਮ ਕਰਾਰ ਕਬੂਲ ਦੀ ਏ, ਅਕਲ ਇਲਮ ਦੇ ਅੰਬਰੀਂ ਝੂਲਦੀ ਏ
ਕਵਿਤਾ ਹੁਸਨ ਹੈ ਸ਼ਬਦ ਸੁਹੰਦੜੇ ਦਾ, ਸਦਾ ਝੂਠ ਫਰੇਬ ਤੇ ਝੂਰਦੀ ਏ
ਕਵਿਤਾ ਬਖਸ਼ਦੀ ਦਰਦ ਫਿਰਾਕ ਹੰਝੂ, ਤੇ ਵਿਜੋਗ ਵੈਰਾਗ ਵਸੂਲਦੀ ਏ
ਕਵਿਤਾ ਸੂਝ ਸਿਆਣਪ ਦੀ ਸ਼ਰ੍ਹਾ ਹੁੰਦੀ, ਇਹ ਰਹਿਤ ਮਰਿਆਦਾ ਅਸੂਲ ਦੀ ਏ
ਕਵਿਤਾ ਸੱਚ ਤੇ ਸੁੱਚ ਦਾ ਸੁਖਨ ਹੁੰਦੀ, ਮਹਿਕ ਮਿੱਟੀ ਦੇ ਮੁੱਢ ਦੇ ਮੂਲ ਦੀ ਏ
ਕਵਿਤਾ ਕਬਰ ਦੇ ਵਾਂਗ ਨਾ ਕਦੇ ਸੌਂਦੀ, ਪੌਣ ਪਾਣੀ ਦਾ ਸੰਗ ਕਬੂਲਦੀ ਏ
ਨਾ ਮੈਂ ਸ਼ਾਇਰ ਨਾ ਸ਼ਾਇਰ ਦੀ ਅੰਸ਼ ਵਿੱਚੋਂ, ਨਾ ਹੀ ਸ਼ਾਇਰੀ ਦੇ ਰੰਗ ਵਿੱਚ ਰੱਤੜਾ ਹਾਂ
ਰੀਤ ਜੱਗ ਦੀ ਕਦੇ ਨਾ ਰਾਸ ਆਈ, ਰਹਿੰਦਾ ਜੱਗ ਵਿੱਚ ਜੱਗ ਤੋਂ ਵੱਖਰਾਂ ਹਾਂ
ਜਿਨੂੰ ਆਪਣੀ ਛਾਂ ਨੇ ਆਪ ਖਾਧਾ, ਰੁੱਖ ਐਸਾ ਨਿਕਰਮਾ ਨਿਪੱਤਰਾ ਹਾਂ
ਜਿੱਥੇ ਰੂਹਾਂ ਦੀ ਰੁੱਤ ਦੀ ਰੱਤ ਡੁੱਲ੍ਹੀ, ਖੂੰਨੀ ਵਕਤ ਇਤਿਹਾਸ ਦਾ ਪੱਤਰਾ ਹਾਂ
ਜਿਨੂੰ ਮਿਲੀ ਨਾ ਬਾਂਹ ਸੁਹਾਗਣਾਂ ਦੀ, ਟੁੱਟੀ ਵੰਗ ਨਿਕਰਮੀ ਦਾ ਨਖ਼ਰਾ ਹਾਂ
ਜਿਹੜੀ ਬੂੰਦ ਬੰਬੀਹੇ ਤੋਂ ਵਿੱਛੜੀ ਏ, ਓਸ ਦੁਖੀ ਅਭਾਗਣ ਦਾ ਕਤਰਾ ਹਾਂ
ਰੱਖੇ ਰੋਜ਼ਿਆਂ ਵਿੱਚ ਜੋ ਜਿਬਾਹ ਹੋਇਆ, ਮੈਂ ਤਾਂ ਐਸਾ ਕੁਰਬਾਨੀ ਦਾ ਬੱਕਰਾ ਹਾਂ
ਲੱਕੋਂ ਵੱਢਿਆ ਵੰਡਿਆ ਫੇਰ ਅੱਗੋਂ, ਟੋਟੇ-ਟੋਟੇ ਪੰਜਾਬ ਦਾ ਡੱਕਰਾ ਹਾਂ
ਸ਼ਾਇਰ ਹੋਣ ਦੀ ਮਿਲੀ ਏ ਸਜ਼ਾ ਭਾਰੀ, ਹੋਰ ਕਿਹੜਾ ਹੈ ਅਸੀਂ ਗੁਨਾਹ ਕੀਤਾ
ਅਸੀਂ ਉਸ ਦਰਿਆ ਦਾ ਦਰਦ ਲਿਖਿਆ, ਜਿਹਦੇ ਕੰਢਿਆਂ ਉਹਨੂੰ ਫਨਾਹ ਕੀਤਾ
ਅਸੀਂ ਕੁੱਖ ਦੀ ਲੇਰ ਦਾ ਜ਼ਿਕਰ ਕੀਤਾ, ਕੀਤਾ ਨਜ਼ਰ ਜਿਸ ਜਬਰ ਜਨਾਹ ਕੀਤਾ
ਉਹੀਓ ਵਤਨ ਵਿਰਾਸਤ ਵੀਰਾਨ ਕਰਦੇ, ਜਿਨ੍ਹਾਂ ਲਈ ਇਤਿਹਾਸ ਵਿੱਚ ਥਾਂ ਕੀਤਾ
ਖੁਰਾ ਖੋਜ ਮਿਟਾਣ ਦੀ ਉਸ ਠਾਣੀ, ਜੀਹਦਾ ਜੱਗ ਤੇ ਅਸੀਂ ਹੈ ਨਾਂ ਕੀਤਾ
ਕੱਚੇ ਘੱੜੇ ਨੂੰ ਅਸੀਂ ਕੀ ਦੋਸ਼ ਦੇਈਏ, ਸਾਡੇ ਨਾਲ ਨਹੀਂ ਭਲਾ ਝਨਾਅ ਕੀਤਾ