ਮਨੁੱਖ ਦੇ ਮੱਥੇ ਸ਼ਬਦ-ਯੋਗ ਹੁੰਦਾ

ਹਰ ਮਨੁੱਖ ‘ਚ ਵੀ ਹੁੰਦਾ

ਮੈਂ ਵੀ ਕੋਈ ਮਨੁੱਖ -ਰੂਪ

ਮੇਰੇ ਮੱਥੇ ‘ਚ ਵੀ ਸ਼ਾਇਦ ਸ਼ਬਦ- ਯੋਗ

ਉਮਰ ਬਣਾਉਂਦੇ- ਅਖਵਾਉਂਦੇ ਨੇ ਸਾਹ

ਸਾਹ ਭੋਗ ਰਿਹਾਂ

ਇੱਕ-ਇੱਕ ਕਰਕੇ

ਹਰ ਸਾਹ ਮੇਰੀ ਉਮਰ ‘ਚ ਜੁੜ ਜਾਂਦਾ

ਹਰ ਸਾਹ ਨਾਲ ਹੀ ਮੇਰੀ ਉਮਰ ਹੋਰ ਵਧਦੀ

ਮੈਂ ਜਿਉਂਦਿਆਂ ਜਾਗਦਿਆਂ ਤੇ ਸੁਚੇਤ ਹੁੰਦਿਆਂ

ਆਪਣੇ ਹਰ ਸਾਹ ‘ਚੋਂ ਵੇਖਦਾ

ਆਪਣੇ ਹਰ ਅੰਗ ‘ਚੋਂ ਵੇਖਦਾ

ਮਾਂ ਦੀ ਮਾਂ ਦੀ ਪੀੜ੍ਹੀਆਂ ਵੱਲ

ਪਿਉ ਦੇ ਪਿਉ ਦੇ ਪਿਉ...ਹੋਰ ਪਿੱਛੇ ਵੱਲ

ਮਾਂ ਮੇਰੇ ਤਨ ਮਨ ‘ਚ

ਪਿਉ ਮੇਰੇ ਕਣ ਕਣ ‘ਚ

ਮੈਂ ਵੇਖਦਾ ਸਤਰੰਗੀ ਪੀਂਘ ‘ਚੋਂ 

ਪੌਣ ,ਸਮੁੰਦਰ,ਬੱਦਲ ਸੂਰਜ ਤੇ ਰੰਗ

ਬਨਸਪਤੀ ‘ਚੋਂ

ਮਿੱਟੀ , ਬੱਦਲ, ਖਣਿਜ,ਢਿੱਡ 

ਧੁੱਪ ਤੇ ਬੰਸਰੀਆਂ

ਕੁਰਸੀ, ਕਿਸ਼ਤੀ, ਬੰਦੂਕ, ਚੁੱਲ੍ਹਾ,

ਡਾਂਗ ਤੇ ਡੰਗੋਰੀਆਂ

ਗ੍ਰੰਥਾਂ ‘ਚੋਂ

ਸਿਆਹੀ ਤੇ ਰੁੱਖ

ਕਾਇਨਾਤ, ਸ਼ਬਦ ਤੇ ਹੱਥ

ਤੇ ਚਿੰਤਨ ਵਾਲਾ ਮਨੁੱਖ

ਤੇ ਗ੍ਰੰਥ

ਕੋਈ ਸਾਂਭਿਆ ਹੋਇਆ ਸਮਾਂ ਹੁੰਦਾ

ਕੋਈ ਸਾਂਭਿਆ ਹੋਇਆ ਮਨੁੱਖ -ਰੂਪ ਹੁੰਦਾ

ਕੋਈ ਸਾਂਭਿਆ ਹੋਇਆ ਸ਼ਬਦ- ਯੋਗ ਹੁੰਦਾ

ਅਕਸਰ ਹੀ ਕਈਆਂ ਦੇ ਮੱਥੇ

ਉਲਝਾਅ ਲੈਂਦੀ

ਮੱਥੇ ਉੱਪਰ ਕਬਜ਼ਾ ਕਰ ਲੈਂਦੀ

ਭੋਗਣ-ਅੰਗਾਂ, ਚੁੱਲ੍ਹਿਆਂ ਤੇ

ਲੰਗੜੀਆਂ ਜ਼ਿਮੇਵਾਰੀਆਂ ਦੀ

ਕੋਈ ਅਮਰ ਵੇਲ ਜਿਹੀ

ਸ਼ਬਦ - ਯੋਗ ਕਾਰਨ ਹੀ

ਚਿੰਤਨ ਕਾਰਨ ਹੀ

ਮਨੁੱਖ ਮੂਲੋਂ ਪਛਾਣਦਾ

ਵਰਤਮਾਨ ‘ਚ ਕੋਈ 

ਕਿਰਿਆ ਕਰਦਾ ਕਰਵਾਉਂਦਾ

ਵਰਤਮਾਨ ਨੂੰ ਭੂਤਕਾਲ  ਬਣਾਉਂਦਾ

ਭੂਤਕਾਲ ਨੂੰ ਪਰਖ਼ਦਾ ਨਿਰਖ਼ਦਾ

ਤੇ ਭਵਿੱਖ ਲਈ 

ਕੋਈ ਵਿਉਂਤ ਬਣਾਉਂਦਾ। 

ਕਾਇਨਾਤ 

ਤੇ ਮਨੁੱਖ ਦੇ ਮੱਥੇ ਅੰਦਰਲਾ ਸ਼ਬਦ- ਯੋਗ

ਮਨੁੱਖ ਅੰਦਰਲਾ ਕਰਮ ਯੋਗ

ਕਿਰਿਆ ਯੁਕਤ 

ਮਨੁੱਖ ਲਈ

ਆਲ੍ਹਣਿਆਂ ਖੁਰਲੀਆਂ ਲਈ

ਪ੍ਰਾਣੀਆਂ ਪਦਾਰਥਾਂ ਲਈ

ਤੇ ਘਰਾਂ ਨੂੰ ਹੋਰ ਵਧੀਆ ਬਣਾਉਣ ਲਈ

ਹੋਰ ਵਧੀਆ ਵਸਾਉਣ ਲਈ।

📝 ਸੋਧ ਲਈ ਭੇਜੋ