ਸ਼ਬਦਾਂ ਦੀ ਸੁੱਚ

ਸ਼ਾਇਰਾ ਸ਼ਬਦਾਂ ਦੀ ਸੁੱਚ ਨਾ ਗਵਾ 

ਐਵੇਂ ਅਰਥਾਂ ਦੇ ਸਿਵੇ ਨਾ ਜਗਾ

ਸ਼ਾਇਰੀ ਰੋਹੀਆਂ ਵਾਲਾ ਰੁੱਖ 

ਜਿਵੇਂ ਖੰਡਰਾਂ ਦੀ ਚੁੱਪ

ਕਿਸੇ ਪੁੱਛਣਾ ਨੀ ਦੁੱਖ

ਸ਼ਾਇਰੀ ਮੌਤ ਕੋਲੋਂ ਖੋਹੇ ਹੋਏ ਸਾਹ 

ਸ਼ਾਇਰਾ ਸ਼ਬਦਾਂ ਦੀ ਸੁੱਚ ਨਾ ਗਵਾ

ਸ਼ਾਇਰੀ ਮਿਰਜ਼ੇ ਦੇ ਤੀਰ

ਸ਼ਾਇਰੀ ਰਾਂਝਣੇ ਦੀ ਪੀੜ

ਸ਼ਾਇਰੀ ਡੋਲੀ ਚੜ੍ਹੀ ਹੀਰ

ਸ਼ਾਇਰੀ ਸੱਸੀ ਵਾਂਗ ਹੋਣਾ ਹੈ ਤਬਾਹ

ਸ਼ਾਇਰਾ ਸ਼ਬਦਾਂ ਦੀ ਸੁੱਚ ਨਾ ਗਵਾ

ਸ਼ਾਇਰੀ ਸੱਥਰਾਂ ਤੇ ਸੌਣਾ 

ਸੁੱਤੇ ਸ਼ੇਰਾਂ ਨੂੰ ਜਗਾਉਣਾ

ਯਾਰੀ ਮੌਤ ਸੰਗ ਲਾਉਣਾ

ਸ਼ਾਇਰੀ ਸੋਹਣੀ ਵਾਲਾ ਮਿਲਣੇ ਦਾ ਚਾਅ

ਸ਼ਾਇਰਾ ਸ਼ਬਦਾਂ ਦੀ ਸੁੱਚ ਨਾ ਗਵਾ

ਸ਼ਾਇਰੀ ਅੱਗ ਦੇ ਕਲੀਰੇ

ਲੀਰੋ ਲੀਰ ਹੋਏ ਚੀਰੇ

ਹਾਜ਼ਰ ਹਰਫ਼ ਹਮੇਸ਼

ਪਾਟੇ ਸ਼ਗਨਾਂ ਦੇ ਲੀੜੇ

ਡੂੰਘੇ ਜ਼ਖਮਾਂ ਦਾ ਕੰਬਦਾ ਵਿਸਾਹ 

ਸ਼ਾਇਰਾ ਸ਼ਬਦਾਂ ਦੀ ਸੁੱਚ ਨਾ ਗਵਾ

ਸ਼ਾਇਰੀ ਝੋਰਿਆਂ ਦੀ ਬਾਤ 

ਕਾਲੀ ਅਣਮੁੱਕ ਰਾਤ 

ਤਾਰੇ ਟੁੱਟਦੇ ਦਾ ਸਾਥ

ਰੁੱਖ ਡਿੱਗਦੇ ਦੇ ਵੈਣ ਪਾਉਂਦੀ ਵਾਅ 

ਸ਼ਾਇਰਾ ਸ਼ਬਦਾਂ ਦੀ ਸੁੱਚ ਨਾ ਗਵਾ

ਯਾਰੀ ਮੋਰਾਂ ਸੰਗ ਲਾਵੇਂ 

ਘਰ ਸੱਪਾਂ ਦੇ ਵੀ ਜਾਵੇਂ

ਗੀਤ ਦੋਹਾਂ ਦੇ ਹੀ ਗਾਵੇਂ

ਖੰਭ ਮੋਰਾਂ ਦੇ ਤੂੰ ਬੀਨ ਨਾ ਬਣਾ 

ਸ਼ਾਇਰਾ ਸ਼ਬਦਾਂ ਦੀ ਸੁੱਚ ਨਾ ਗਵਾ

ਸ਼ਾਇਰੀ ਅੰਬਰਾਂ ਦੀ ਛੋਹ 

ਨਾਲ ਤਾਰਿਆਂ ਖਲੋ

ਚੰਨ ਡੁੱਬਦੇ ਨੂੰ ਰੋਅ

ਅੱਗ ਮੱੜੀਆਂ ਦੀ ਘਰੀਂ ਨਾ ਲਿਆ 

ਸ਼ਾਇਰਾ ਸ਼ਬਦਾਂ ਦੀ ਸੁੱਚ ਨਾ ਗਵਾ 

ਐਵੇਂ ਅਰਥਾਂ ਦੇ ਸਿਵੇ ਨਾ ਜਗਾ

📝 ਸੋਧ ਲਈ ਭੇਜੋ