ਸ਼ਹਿਰ ਦਾ ਦਸਤੂਰ ਮੇਰੇ

ਸ਼ਹਿਰ ਦਾ ਦਸਤੂਰ ਮੇਰੇ ਉਲਟ ਹੀ ਖੜ੍ਹਦਾ ਰਿਹਾ

ਪਿਆਰ ਕਰਨਾ ਪਾਪ ਸੀ ਤੇ ਪਾਪ ਇਹ ਚੜ੍ਹਦਾ ਰਿਹਾ

ਠੀਕ ਹੋ ਸਕਦੈ ਕਿ ਵਰਜਿਤ ਫਲ ਹੈ ਉਹ ਮੇਰੇ ਲਈ

ਪਰ ਗ਼ਲਤ ਹੈ ਫਲ ਪਿਆ ਜੇ ਉਂਝ ਹੀ ਸੜਦਾ ਰਿਹਾ

ਉਹ ਵਫ਼ਾ ਕੀ, ਬੇਵਫ਼ਾਈ ਵੀ ਨਿਭਾਅ ਸਕਿਆ ਨਹੀਂ

ਗ਼ੈਰ ਤੋਂ ਚੋਰੀ ਉਹ ਚਿੱਠੀਆਂ ਮੇਰੀਆਂ ਪੜ੍ਹਦਾ ਰਿਹਾ

ਕੀ ਪਤਾ ਕਿਉਂ ਨਾਸਤਿਕ ਉਹ ਬੁੱਤਘਾੜਾ ਹੋ ਗਿਆ

ਜੋ ਹਮੇਸ਼ਾ ਮੰਦਿਰਾਂ ਵਿਚ ਦੇਵਤੇ ਘੜਦਾ ਰਿਹਾ

ਮੈਂ ਲਿਆਂਦੀ ਮੁਸਕਰਾਉਂਦੇ ਬੁੱਧ ਦੀ ਤਸਵੀਰ ਕੀ

ਹਰ ਜਣਾ ਹੀ ਘਰ ਦਾ ਮੈਨੂੰ ਘੁੱਟ ਕੇ ਫੜਦਾ ਰਿਹਾ

ਲੋਥ ਉਸਦੀ ’ਤੇ ਰਸਮ—ਕਿਰਿਆ ਦੀ ਗੱਲ ਤੁਰਦੀ ਰਹੀ

ਜ਼ਿੰਦਗੀ ਭਰ ਉਹ ਰਿਵਾਜਾਂ ਨਾਲ ਸੀ ਲੜਦਾ ਰਿਹਾ

📝 ਸੋਧ ਲਈ ਭੇਜੋ