ਸ਼ੱਕ ਦੀ ਕੰਧ ਨੂੰ

ਸ਼ੱਕ ਦੀ ਕੰਧ ਨੂੰ ਢਾ ਨਾ ਦਈਏ।

ਮੁੱਕਦੀ ਗੱਲ ਮੁਕਾ ਨਾ ਦਈਏ।

ਜਿਥੇ ਇਸ਼ਕ ਨੇ ਡੇਰਾ ਲਾਇਆ,

ਓਥੇ ਸੀਸ ਨਿਵਾ ਨਾ ਦਈਏ।

ਰੰਗ ਉਡਾਈਏ ਮਾਰ ਕੇ ਅੱਡੀ,

ਅੱਜ ਫ਼ਿਰ ਅੰਨ੍ਹੀ ਪਾ ਨਾ ਦਈਏ।

ਜਿਥੋਂ ਕੋਈ ਨਹੀਂ ਖ਼ਾਲੀ ਮੁੜਿਆ,

ਉਹ ਕੁੰਡੀ ਖੜਕਾ ਨਾ ਦਈਏ।

ਨਿਆਂ ਨਹੀਂ ਦੇਣਾ ਸ਼ਾਹ ਨੇ ਭਾਵੇਂ,

ਪਰ ਜ਼ੰਜ਼ੀਰ ਹਿਲਾ ਨਾ ਦਈਏ।

ਮਾੜੇ ਮਹਾਤੜ ਲਾ ਕੇ ਸੀਨੇ,

ਮਾੜੇ ਨੂੰ ਵਡਿਆ ਨਾ ਦਈਏ।

ਨਵੀਂ ਹਯਾਤੀ ਦਾ ਮੁੱਢ ਬੰਨ੍ਹੀਏ,

ਲੰਘਿਆ ਸਮਾਂ ਭੁਲਾ ਨਾ ਦਈਏ।

ਇਸ਼ਕ ਨੇ ਦਿੱਤੀਆਂ ਨਵੀਆਂ ਪੀੜਾਂ,

ਪਿਸ਼ਲੇ ਦਰਦ ਭੁਲਾ ਨਾ ਦਈਏ।

 

ਇਸ਼ਕ ਦੀਦਾਰ ਹੁਸਨ ਦਾ ਮੰਗੇ,

ਘੁੰਢ ਜ਼ਰਾ ਸਰਕਾ ਨਾ ਦਈਏ।

ਮਹਿਫ਼ਲ ਵਿੱਚ ਵਾਹ ਵਾਹ ਪਈ ਹੋਵੇ,

ਅੱਜ ਉਹ ਸ਼ਿਅਰ ਸੁਣਾ ਨਾ ਦਈਏ।

ਮੰਨਿਆ ਕੌਲ ਨਿਭਾਣੇ ਔਖੇ,

ਕੀਤੇ ਕੌਲ ਨਿਭਾ ਨਾ ਦਈਏ।

ਸੁਗ਼ਰਾ ਸੱਦਫ਼ ਦੀ ਗ਼ਜ਼ਲ ਸੁਣਾ ਕੇ,

ਸੁੱਤਿਆਂ ਤੀਕ ਜਗਾ ਨਾ ਦਈਏ।

ਸੁਗ਼ਰਾ ਦਿਲ ਵਿਚ ਕਬਰ ਬਣਾ ਕੇ,

ਹਰ ਦੁਖੜਾ ਦਫ਼ਨਾ ਨਾ ਦਈਏ।

📝 ਸੋਧ ਲਈ ਭੇਜੋ