ਮੈਂ ਵੀ
ਬੜਾ ਚਿਰ ਬੰਨ੍ਹੀ ਰੱਖੀ ਹੈ ਸ਼ਮਲੇ ਵਾਲੀ ਪੱਗ
ਹੁਣ ਸਿਰਫ਼ ਫ਼ੋਟੋ ਵਿੱਚ ਹੀ ਜਿਉਂਦੀ ਹੈ
ਚੜ੍ਹਦੀ ਜਵਾਨੀ ਦਾ ਵੇਗ-ਮੱਤਾ ਪਹਿਲਾ ਸਫ਼ਰ
ਭੰਗੜੇ ਦੇ ਪਿੜ ਵਿੱਚ
ਜੱਲੀਆਂ ਪਾਉਂਦਿਆਂ
ਲੱਕ ਦੇ ਹੁਲਾਰਿਆਂ ਤੇ ਮਟਕੀਲੀ ਚਾਲ ਨਾਲ
ਕਵਿਤਾ ਲਿਖਦਿਆਂ
ਤੁਰਦਿਆਂ-ਤੁਰਦਿਆਂ
ਕਿਤਾਬਾਂ ਨੇ ਮੇਰੇ ਤੇ ਕਾਠੀ ਪਾਈ
ਤੇ ਮੈਂ ਘੋੜਾ ਬਣ ਗਿਆ
ਲੰਮੀ ਦੌੜ ਦਾ ਘੋੜਾ
ਹਿਰਨ ਦੀ ਚਾਲ ਵਾਲੇ ਮੁੰਡੇ ਵੇਖਕੇ
ਅੱਜ ਵੀ ਜੀਅ ਕਰਦੈ
ਮੈਂ ਫੇਰ ਚਿਣ ਕੇ ਬੱਧੀ ਪੱਗ ਨੂੰ ਮਾਵਾ ਲੁਆਵਾਂ
ਭੰਗੜੇ ਦੇ ਪਿੜ ਵਿੱਚ ਜਾਵਾਂ
ਤੇ ਆਖਾਂ !
ਲਾ ਦੇ ਸੱਦ ਓ ਤੇਲੀਆ
ਤੇ ਖਿੱਚ ਕੇ ਡਗਾ ਮਾਰ ਓ
ਗਰੀਬ ਦਾਸ ਢੋਲ ਵਾਲਿਆ