ਛੱਛਾ ਆਖਦਾ ਛਲੇ ਸ਼ੈਤਾਨ ਤੈਨੂੰ, ਕਿੱਤ ਸੁੱਤੜਾ ਹੈਂ ਤੂੰ ਜਾਗ ਬੰਦੇ

ਕੁੱਲ ਜੂਨ ਦੇ ਵਿੱਚ ਸਰਦਾਰ ਹੈਂ ਤੂੰ, ਤੈਨੂੰ ਮਿਲ ਗਿਆ ਅਕਲ-ਖ਼ਿਤਾਬ ਬੰਦੇ

ਆਇਆ ਕਿੱਤ ਵੱਲੋਂ ਜਾਣਾ ਤਰਫ਼ ਕਿਹੜੀ, ਤੈਨੂੰ ਕੁੱਝ ਭੀ ਨਾ ਰਿਹਾ ਯਾਦ ਬੰਦੇ । 

ਨਹੀਂ ਵੇਸਵਾ ਮਿਲੇ ਕਲੌਂਤ ਕਾਮਲ, ਗਾਵੇਂ ਵਕਤ ਬੇਵਕਤ ਦੇ ਰਾਗ ਬੰਦੇ। 

ਫੇਰ ਕਿਸੇ ਦੀ ਓਟ ਕੀ ਤੱਕਣੀ ਏਂ, ਜੇਕਰ ਆਪਣੇ ਖਾਵਣੇ ਭਾਗ ਬੰਦੇ। 

ਸੱਚੇ ਸਾਹਿਬ ਦਾ ਹੁਕਮ ਅਦੂਲ ਕੀਤਾ, ਅੱਗੇ ਦੇਵਸੇਂ ਕੌਣ ਜਵਾਬ ਬੰਦੇ। 

ਯਾਦ ਕਰੇਂਗਾ ਫੇਰ ਗੁਨਾਹ ਕੀਤੇ, ਜਿੱਦਨ ਮਿਲੇਗਾ ਗੋਰ-ਅਜ਼ਾਬ ਬੰਦੇ। 

ਇੰਨ ਕੁਨ ਤੁਮ ਹੋ ਮੋਮਨੀਨ ਜੇਕਰ, ਪੰਜੇ ਵਕਤ ਹੀ ਪੜ੍ਹੇ-ਨਮਾਜ਼ ਬੰਦੇ । 

ਖ਼ਾਲਿਕ ਪਾਕ ਬੇਜ਼ਾਤ ਬੇਚੂਨ ਬੇਗੂਨ ਜਿਹੜਾ, ਲਾ-ਸ਼ਰੀਕ ਹੈ ਉਹ ਵਾਹਦ ਬੰਦੇ । 

ਸੋਚ ਗ਼ਾਫ਼ਲਾ ਤੂੰ ਜਿਹੜੇ ਕੰਮ ਆਇਓਂ, ਛੁੱਟ ਚੱਲਿਆ ਹੱਥ 'ਚੋਂ ਬਾਜ਼ ਬੰਦੇ। 

ਸਖ਼ਤ ਖੱਲ ਤੇ ਖੁਲ੍ਹ ਦੀ ਗ੍ਰਿਫ਼ਤਾਰੀ, ਹੋਈ ਇਸ ਤੋਂ ਜਰਾ ਅਜ਼ਾਦ ਬੰਦੇ । 

ਇਸ ਜਗਤ ਨੂੰ ਜਾਨ ਫ਼ਨਾਹਫ਼ਿੱਲਾ, ਕੀਹਦਾ ਸਦਾ ਜਹਾਨ ਤੇ ਰਾਜ ਬੰਦੇ

ਕਲੋਨਫ਼ਸਿ ਨਸਾਇਕਾ ਤੁੱਲ ਮੌਤ ਚਖਸੀ, ਰੱਖੀਂ ਐਤ ਕੁਰਾਨ ਦੀ ਯਾਦ ਬੰਦੇ। 

ਛੱਡ ਸੱਚੇ ਖ਼ੁਦਾ ਪਰਮਾਤਮਾ ਨੂੰ, ਚਾਹੇਂ ਗ਼ੈਰ ਥੀਂ ਫੇਰ ਮੁਰਾਦ ਬੰਦੇ । 

ਰੱਖੀਂ ਯਕੀਨ ਸਦਾ ਪਰਮਾਤਮਾ ਤੇ, ਬੇਉਮੈਦ ਨਾ ਹੋਵਣਾ ਜਾਇ ਬੰਦੇ । 

ਕਰੀਂ ਮਾਨ ਨਾ ਇਸ ਸਰੀਰ ਉੱਤੇ, ਆਖ਼ਰ ਹੋਵਸੀ ਕੁੱਲ ਬਰਬਾਦ ਬੰਦੇ। 

ਘਣੀ ਜੀਵਣੇ ਦੀ ਆਸ ਰੱਖਿਓ ਈ, ਥੋੜ੍ਹੀ ਦਮ ਦੀ ਪਾਸ ਤਾਦਾਦ ਬੰਦੇ। 

ਖ਼ਾਕ ਹੋਣਗੇ ਉੱਜਲੇ ਦੰਦ ਮੋਤੀ, ਬੰਦ ਹੋਣਗੇ ਚਸ਼ਮ-ਚਰਾਗ਼ ਬੰਦੇ

ਦਯਾ ਸਿੰਘ ਅਖ਼ੀਰ ਨੂੰ ਕਬਰ-ਕੋਠਾ, ਕਫ਼ਨ ਮਿਲੂ ਸਰੀਰ ਨੂੰ ਦਾਜ ਬੰਦੇ। 

📝 ਸੋਧ ਲਈ ਭੇਜੋ