ਚੁੱਲ੍ਹੇ ਮੂਹਰੇ ਬੈਠਿਆਂ

ਅੱਗ ਦੇ ਅੰਗਿਆਰਿਆਂ ਨਾਲ ਹਠਖੇਲੀਆਂ

ਕਰਦਿਆਂ ਦੇਖ

ਦਾਦੀ ਝਿੜਕਦੀ ਬੋਲੀ

"ਅੱਗ ਨਾਲ ਨੀਂ ਖੇਡੀਦਾ"

"ਕਿਉਂ…?"

ਮੇਰੀ ਮਾਸੂਮੀਅਤ ਜਵਾਬ ਮੰਗਦੀ ਸੀ

ਕੋਲ ਬੈਠੀਆਂ ਮਾਂ, ਚਾਚੀ ਤੇ ਭੂਆ ਦੇ

ਮੂੰਹਾਂ 'ਤੇ ਚੁੱਪੀ ਸੀ

ਪਰ ਕਰਵਟ ਨੇ ਮੈਨੂੰ

ਆਪਣੇ ਕਲੇਵੇਂ ਵਿਚ ਲੈ ਲਿਆ

ਮੈਂ ਅੱਗ ਸੰਗ ਖੇਡੀ

ਅੱਗ ਖਾਧੀ

ਅੱਗ ਪਹਿਨੀ

ਅੱਗ ਸੰਗ ਸੁੱਤੀ

ਤੇ ਅੱਗ 'ਤੇ ਤੁਰੀ

ਦਾਦੀ ਆਖਦੀ ਸੀ

"ਅੱਗ ਨਾਲ ਖੇਡਣਾ ਮਾੜਾ ਹੁੰਦਾ ਹੈ"

ਪਤਾ ਨੀਂ ਮੇਰੇ ਲਈ ਅੱਗ ਨਾਲ ਖੇਡਣਾ

ਸ਼ੁਭ ਸ਼ਗਨ ਕਿਵੇਂ ਹੋ ਗਿਆ?

ਦਾਦੀ ਆਖਦੀ ਸੀ

"ਤੱਤੀਆਂ ਹਵਾਵਾਂ ਨਾਲ ਸਮਝੌਤਾ ਕਰ ਲਈਂ"

ਮੈਂ ਹਵਾਵਾਂ ਨੂੰ ਤੂਫਾਨ ਬਣ ਟੱਕਰੀ

ਮੈਂ ਹਨ੍ਹੇਰਿਆਂ ਤੋਂ ਡਰੀ ਨਹੀਂ

ਜਾਂਚ ਸਿੱਖੀ ਜੁਗਨੂੰ ਬਣਨ ਦੀ

ਤੇ ਮੇਰੀ

ਅੱਗ, ਹਵਾਵਾਂ ਤੇ ਹਨ੍ਹੇਰਿਆਂ ਨਾਲ

ਦੋਸਤੀ ਹੋ ਗਈ

ਗੂੜੀ ਹੋਰ ਗੂੜੀ

📝 ਸੋਧ ਲਈ ਭੇਜੋ