ਸਿੱਖਾ ਜਾਗ ਬਈ

ਸਿੱਖਾ ਜਾਗ ਬਈ ਉਏ ਹੁਣ ਜਾਗੋ ਆਈ ਆ,

ਸਿੱਖਾ ਸਿੱਖੀ ਜਗਾ ਲੈ ਵੇ, ਜਾਗੋ ਆਈ

---------

ਚੁੱਪ ਕਰ ਸਿੱਖੀ ਮਸਾਂ ਸੁਆਈ ਆ, ਨਸ਼ਾ ਦੇ ਕੇ ਪਾਈ ਆ, 

ਭੜਕ ਪਊਗੀ, ਬਦਲੇ ਲਊਗੀ, ਮੱਚ ਜਾਊ ਹਾਲ ਦੁਹਾਈ

ਬਈ ਹੁਣ ਜਾਗੋ ਆਈ ਆ,

ਬੱਲੇ ਬਈ ਹੁਣ ਜਾਗੋ ਆਈ ਆ,

ਸ਼ਾਵਾ ਬਈ ਹੁਣ ਜਾਗੋ ਆਈ

---------

ਮਸਾਂ ਸਿੱਖੀ ਵਿੱਚ ਵਾੜੇ ਬਾਬੇ,

ਬਾਬੇ ਕਾਹਦੇ, ਠਰਕੀ ਡਾਢੇ,

ਚੇਲਾ ਕਰੇ ਉਗਰਾਹੀ, ਤੀਂਵੀਂ ਗੋਡੇ ਨਾਲ ਬਠਾਈ

ਬਈ ਹੁਣ ਜਾਗੋ ਆਈ ਆ,

ਬੱਲੇ ਬਈ ਹੁਣ ਜਾਗੋ ਆਈ ਆ,

ਸ਼ਾਵਾ ਬਈ ਹੁਣ ਜਾਗੋ ਆਈ

---------

ਸਾਧ ਵੀ ਚੁੱਕੀ ਫਿਰਦੇ ਜਾਗੋ,

ਕਹਿੰਦੇ ਸਿੱਖੋ, ਸਿੱਖੀ ਤਿਆਗੋ,

ਭੇਸ ਫਕੀਰਾ ਦੇ ਵਿੱਚ ਮਹਿਫ਼ਲ ਡੇਰਿਆਂ ਵਿੱਚ ਸਜਾਈ ਆ, 

ਬਈ ਹੁਣ ਜਾਗੋ ਆਈ । 

ਸ਼ਾਵਾ ਬਈ ਹੁਣ ਜਾਗੋ ਆਈ । 

---------

ਪਲਿਆ ਸਾਧ ਹੈ ਖੀਰ ਤੇਰੀ ਨਾਲ,

ਖੇਡ ਰਿਹਾ ਤਕਦੀਰ ਤੇਰੀ ਨਾਲ,

ਤੂੰ ਲੱਸੀ ਨੂੰ ਰਿੜਕੀ ਜਾਵੇਂ, ਸਾਧਾਂ ਹੱਥ ਮਲਾਈ ਆ,

ਬਈ ਹੁਣ ਜਾਗੋ ਆਈ । 

ਸ਼ਾਵਾ ਬਈ ਹੁਣ ਜਾਗੋ ਆਈ । 

---------

ਇੱਕ ਮੰਚ ਤੇ ਇੱਕਠ ਸਾਧਾਂ ਦਾ,

ਜੇਬ ਤੇਰੀ ਵਿੱਚ ਹੱਥ ਸਾਧਾਂ ਦਾ,

ਭੁੱਕੀ ਵੇਚਦਾ ਫੜਿਆ ਪਰਸੋਂ, ਸਾਧ ਦਾ ਛੋਟਾ ਜੁਆਈ ਆ,

ਬਈ ਹੁਣ ਜਾਗੋ ਆਈ ਆ,

ਸ਼ਾਵਾ ਬਈ ਹੁਣ ਜਾਗੋ ਆਈ

---------- 

ਸੁਣ ਉਏ ਆਕੜਖੋਰਾ ਜੱਟਾ,

ਮੈਂ ਲਿਸ਼ਕਾਂ, ਤੇਰੇ ਸਿਰ ਵਿੱਚ ਘੱਟਾ,

ਵੀਹ ਕਿਲਿਆਂ ਦਾ ਠੇਕਾ ਸਾਧ ਨੂੰ ਇੱਕ ਮੱਸਿਆ ਦੀ ਕਮਾਈ ਆ,

ਬਈ ਹੁਣ ਜਾਗੋ ਆਈ ਆ,

ਸ਼ਾਵਾ ਬਈ ਹੁਣ ਜਾਗੋ ਆਈ

---------

ਧੀਆਂ ਨੂੰ ਤੂੰ ਕੁੱਖ ਵਿੱਚ ਮਾਰੇਂ,

ਅਮਲੀ ਪੁੱਤ ਨੂੰ ਨਾ ਦੁਰਕਾਰੇਂ,

ਕੁੱਖ ਵਿੱਚ ਧੀ ਦਾ ਪੁੱਤ ਬਣਾਂ ਲੈ, ਸਾਧਾਂ ਕੋਲ ਦੁਆਈ ਆ,

ਬਈ ਹੁਣ ਜਾਗੋ ਆਈ ਆ,

ਸ਼ਾਵਾ ਬਈ ਹੁਣ ਜਾਗੋ ਆਈ

---------

ਦਸਾਂ ਗੁਰੂਾਂ ਨੇ ਮਾਣ ਬਖਸ਼ਿਆ,

ਗੁਰੂ ਗ੍ਰੰਥ ਦਾ ਧਿਆਨ ਬਖਸ਼ਿਆ,

ਪੰਜਵੀਂ ਫੇਲ ਗ੍ਰੰਥੀ ਪਿੰਡ, ਜੀਹਨੇ ਸਾਧਾਂ ਦੀ ਦੱਸ ਪਾਈ ਆ,

ਬਈ ਹੁਣ ਜਾਗੋ ਆਈ ਆ,

ਸ਼ਾਵਾ ਬਈ ਹੁਣ ਜਾਗੋ ਆਈ

---------

ਸਿੱਖਾ ਸਿੱਖੀ ਜਗਾ ਲੈ ਵੇ, ਜਾਗੋ ਆਈ ਆ,

ਸੁੱਤੀ ਅਣਖ ਜਗਾ ਲੈ ਵੇ, ਜਾਗੋ ਆਈ ਆ,

ਜਿਲਤ ਛੱਡ "ਸੁੱਖ" ਪਾ ਲੈ ਵੇ, ਜਾਗੋ ਆਈ ਆ!

📝 ਸੋਧ ਲਈ ਭੇਜੋ