ਸਿਉਂਕ ਦੇ ਵਾਂਗਰ ਖਾਂਦੇ ਜਾਂਦੇ ਅੰਦਰੋ ਅੰਦਰੀਂ।
ਦੁੱਖ ਬੰਦੇ ਨੂੰ ਮਾਰ ਮੁਕਾਂਦੇ ਅੰਦਰੋ ਅੰਦਰੀਂ।
ਸੱਤ ਪਰਾਏ ਗੱਜ ਵੱਜ ਕੇ ਦੁੱਖ ਦਿੰਦੇ ਨੇਂ,
ਲਗਦੇ ਲਾਏ ਵੈਰ ਕਮਾਂਦੇ ਅੰਦਰੋ ਅੰਦਰੀਂ।
ਦੁੱਖ ਮੈਨੂੰ ਹੋਣੀ ਦੇ ਸੱਕੇ ਲਗਦੇ ਨੇਂ,
ਉਹਦੇ ਕੰਮ ਇਚ ਹੱਥ ਵਟਾਂਦੇ ਅੰਦਰੋ ਅੰਦਰੀਂ।
ਇੱਕ ਦੂਜੇ ਨੂੰ ਮਿਲਦਿਆਂ ਚੁੱਪ ਸੀ ਲੱਗ ਜਾਂਦੀ,
ਇੱਕ ਦੂਜੇ ਤੋਂ ਸਾਂ ਸ਼ਰਮਾਂਦੇ ਅੰਦਰੋ ਅੰਦਰੀਂ।
ਮਿੱਟੀ ਦੇ ਕਲਬੂਤ ਸੀ ਦੋਵਾਂ ਦੇ ਵਿਚਕਾਰ,
ਇਕੋ ਮੂਰਤ ਰਹੇ ਬਣਾਂਦੇ ਅੰਦਰੋ ਅੰਦਰੀਂ।
ਸੁਗ਼ਰਾ ਉਹਨੇ ਮੁੱਖੜਾ ਆਣ ਵਖਾਇਆ ਨਹੀਂ,
ਦਿਲ ਦਾ ਸ਼ੀਸ਼ਾ ਰਹੇ ਚਮਕਾਂਦੇ ਅੰਦਰੋ ਅੰਦਰੀਂ।